ਖੇਤਰੀ ਦਫ਼ਤਰ ਦਾ ਜਲੰਧਰ ਤਬਾਦਲਾ ਮਹੱਤਵਪੂਰਨ ਕਦਮ : ਸਰਸਵਤ ਡਾਕ ਵਿਭਾਗ ਦੇ ਪੱਛਮੀ ਖੇਤਰ, ਪੰਜਾਬ ਦੇ ਖੇਤਰੀ ਦਫ਼ਤਰ ਦਾ ਚੰਡੀਗੜ੍ਹ ਤੋਂ ਜਲੰਧਰ ਤਬਾਦਲਾ
Publish Date: Mon, 26 Oct 2026 08:09 PM (IST)
Updated Date: Tue, 27 Oct 2026 04:04 AM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਡਾਕ ਵਿਭਾਗ, ਪੰਜਾਬ ਦੇ ਪੱਛਮੀ ਖੇਤਰ ਦਾ ਖੇਤਰੀ ਦਫ਼ਤਰ, ਜੋ ਪਹਿਲਾਂ ਚੰਡੀਗੜ੍ਹ ਤੋਂ ਕੰਮ ਕਰ ਰਿਹਾ ਸੀ, ਹੁਣ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਦਫ਼ਤਰ ਦਾ ਉਦਘਾਟਨ ਡਾ. ਪ੍ਰਵੀਨ ਕੁਮਾਰ ਸਰਸਵਤ, ਆਈਪੀਓ ਐੱਸ, ਡਾਇਰੈਕਟਰ, ਪੱਛਮੀ ਖੇਤਰ, ਪੰਜਾਬ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਡਾ. ਪ੍ਰਵੀਨ ਕੁਮਾਰ ਸਰਸਵਤ ਨੇ ਕਿਹਾ ਕਿ ਖੇਤਰੀ ਦਫ਼ਤਰ ਦਾ ਜਲੰਧਰ ਵਿਖੇ ਤਬਾਦਲਾ ਪ੍ਰਸ਼ਾਸਕੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ, ਕੰਮਕਾਜ ਦੀ ਕੁਸ਼ਲਤਾ ਵਧਾਉਣ ਤੇ ਇਸ ਦੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਡਾਕ ਡਵੀਜ਼ਨਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਖੇਤਰੀ ਦਫ਼ਤਰ ਦੇ ਅਧੀਨ ਅੰਮ੍ਰਿਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਸਮੇਤ 7 ਡਵੀਜ਼ਨਾਂ ਆਉਂਦੀਆਂ ਹਨ। ਜਲੰਧਰ ਵਿਖੇ ਦਫ਼ਤਰ ਦੀ ਸਥਾਪਨਾ ਨਾਲ ਇਨ੍ਹਾਂ ਡਵੀਜ਼ਨਾਂ ਨਾਲ ਪ੍ਰਸ਼ਾਸਕੀ ਤਾਲਮੇਲ ਨੂੰ ਹੋਰ ਸੁਚਾਰੂ ਬਣਾਉਣ ਤੇ ਵਿਭਾਗੀ ਨੀਤੀਆਂ, ਪ੍ਰੋਗਰਾਮਾਂ ਤੇ ਪ੍ਰਸ਼ਾਸਕੀ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਚ ਸਹਾਇਤਾ ਮਿਲਣ ਦੀ ਉਮੀਦ ਹੈ। ਡਾਕ ਵਿਭਾਗ ਜਨਤਾ ਨੂੰ ਬਿਹਤਰ ਡਾਕ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਪਣੇ ਪ੍ਰਸ਼ਾਸਕੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਕਾਰਜਕੁਸ਼ਲਤਾ ’ਚ ਸੁਧਾਰ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਜਲੰਧਰ ਵਿਖੇ ਖੇਤਰੀ ਦਫ਼ਤਰ ਦਾ ਉਦਘਾਟਨ ਪੱਛਮੀ ਖੇਤਰ, ਪੰਜਾਬ ਦੇ ਪ੍ਰਸ਼ਾਸਕੀ ਕੰਮਕਾਜ ’ਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ, ਜੋ ਕੁਸ਼ਲ ਪ੍ਰਸ਼ਾਸਨ, ਬਿਹਤਰ ਤਾਲਮੇਲ ਤੇ ਜਨਤਕ ਸੇਵਾ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।