ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ
Publish Date: Sun, 25 Oct 2026 06:56 PM (IST)
Updated Date: Mon, 26 Oct 2026 04:05 AM (IST)
ਅੰਡਰ 14 ਤੇ 17 ਉਮਰ ਵਰਗ ਦੀਆਂ 15 ਟੀਮਾਂ ਲੈਣਗੀਆਂ ਹਿੱਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਸਮਰਾਏ-ਜੰਡਿਆਲਾ ਵਿਖੇ 12ਵੀਂ ਪੇਂਡੂ ਹਾਕੀ ਲੀਗ-2026 ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੇ ਹਾਕੀ ਗਰਾਊਂਡ ’ਚ ਲੀਗ ਦੀ ਸ਼ੁਰੂਆਤ ਕਰਵਾਉਣ ਤੋਂ ਪਹਿਲਾਂ ਸੰਤ ਸੀਚੇਵਾਲ ਖੇਡ ਮਸ਼ਾਲ ਨੂੰ ਖਿਡਾਰੀਆਂ ’ਚ ਲੈ ਕੇ ਗਏ ਤੇ ਝੰਡਾ ਚੜ੍ਹਾਉਣ ਉਪਰੰਤ ਖਿਡਾਰੀਆਂ ਨੇ ਅਨੁਸ਼ਾਸਨ ’ਚ ਰਹਿ ਕੇ ਇਨ੍ਹਾਂ ਲੀਗ ਮੁਕਾਬਲਿਆਂ ’ਚ ਹਿੱਸਾ ਲੈਣ ਦੀ ਸਹੁੰ ਚੁੱਕੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਦੇ ਖੇਡ ਮੈਦਾਨ ਭਾਗਾਂ ਵਾਲੇ ਹਨ, ਜਿੱਥੇ ਖਿਡਾਰੀ ਖੇਡ ਮੁਕਾਬਲਿਆਂ ’ਚ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿਚਲੀਆਂ ਰੌਣਕਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਖੇਡ ਮੈਦਾਨ ’ਚ ਖਿਡਾਰੀਆਂ ਦੇ ਆਉਣ ਨਾਲ ਜਿੱਥੇ ਉਹ ਸਰੀਰਕ ਪੱਖ ਤੋਂ ਮਜ਼ਬੂਤ ਹੁੰਦੇ ਹਨ ਉੱਥੇ ਉਨ੍ਹਾਂ ਦੇ ਮਾਪੇ ਵੀ ਚਿੰਤਾ ਮੁਕਤ ਹੋ ਜਾਂਦੇ ਹਨ। ਉਨ੍ਹਾਂ ਸੇਵਾ ਮੁਕਤ ਡੀਪੀ ਹਰਮੇਸ਼ ਲਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੌਕਰੀ ਦੌਰਾਨ ਜਿੱਥੇ ਵਿਦਿਆਰਥੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਉਥੇ ਹੁਣ ਸੇਵਾ-ਮੁਕਤੀ ਤੋਂ ਬਾਅਦ ਪਿੰਡ-ਪਿੰਡ ’ਚ ਜਾ ਕੇ ਛੋਟੇ ਬੱਚਿਆਂ ਨੂੰ ਖੇਡ ਮੈਦਾਨ ’ਚ ਲਿਆਉਣ ਲਈ ਪ੍ਰੇਰਦੇ ਹਨ। ਕੈਪੀਟਲ ਸਮਾਲ ਫਾਇਨਾਂਸ ਬੈਂਕ ਤੇ ਰੂਰਲ ਹਾਕੀ ਡਿਵਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੇਂਡੂ ਹਾਕੀ ਲੀਗ ਮੁਕਾਬਲਿਆਂ ’ਚ 9 ਪਿੰਡਾਂ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਿੰਡਾਂ ’ਚ ਸਮਰਾਏ-ਜੰਡਿਆਲਾ, ਸੀਚੇਵਾਲ, ਸਰੀਹ, ਚਾਨੀਆਂ, ਮੇੜੀ, ਜਡਿਆਲੀ, ਲਸਾੜਾ ਤੇ ਔੜ ਸ਼ਾਮਲ ਸਨ। ਇਹ ਮੁਕਾਬਲੇ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਹੋਣਗੇ। ਇਸ ਮੌਕੇ ਸੰਤ ਸੀਚੇਵਾਲ ਨੇ ਆਏ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।