ਮੰਢਾਲਾ ਛੰਨਾਂ ਪਿੰਡ ਦੇ ਵਸਨੀਕਾਂ ਨੂੰ ਧੁੱਸੀ ਬੰਨ੍ਹ ’ਤੇ ਸੜਕ ਬਣਨ ਦੀ ਕੋਈ ਆਸ ਨਹੀਂ ਮੰਢਾਲਾ ਛੰਨਾਂ ਪਿੰਡ ਦੇ ਵਸਨੀਕਾਂ ਨੂੰ ਧੁੱਸੀ ਬੰਨ੍ਹ ’ਤੇ ਸੜਕ ਬਣਨ ਦੀ ਕੋਈ ਆਸ ਨਹੀਂ
Publish Date: Sun, 25 Oct 2026 06:39 PM (IST)
Updated Date: Mon, 26 Oct 2026 04:04 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਮੰਡ ਖੇਤਰ ਦੇ ਪਿੰਡ ਮੰਢਾਲਾ ਛੰਨਾਂ ਜੋ ਦਰਿਆ ਸਤਲੁਜ ਦੇ ਪੂਰਬੀ ਕੰਢੇ ’ਤੇ ਵਸਿਆ ਹੋਇਆ ਹੈ, ਦੇ ਵਸਨੀਕਾਂ ਨੂੰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤੇ ਜਾਣ ਤੇ ਉਸ ’ਤੇ ਪੱਕੀ ਸੜਕ ਬਣਾਏ ਜਾਣ ਦੀ ਕੋਈ ਆਸ ਵਿਖਾਈ ਨਹੀਂ ਦਿੰਦੀ, ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ 19 ਜੂਨ 2026 ਨੂੰ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ, ਬੰਨ੍ਹ ’ਤੇ ਹਾਲੇ ਤੱਕ ਕੋਈ ਸੜਕ ਨਾ ਤਾਂ ਬਣੀ ਹੈ ਤੇ ਸੜਕ ਬਣਨ ਦੀ ਕੋਈ ਆਸ ਵੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਝੂਠੇ ਵਾਅਦੇ ਕਰਦੀਆਂ ਹਨ, ਜਦੋਂ ਬਾਰਿਸ਼ ਪੈ ਜਾਂਦੀ ਹੈ, ਉਦੋਂ ਤਾਂ ਲੋਕਾਂ ਦਾ ਤੁਰਨਾ ਫਿਰਨਾਂ ਵੀ ਔਖਾ ਹੋ ਜਾਂਦਾ ਹੈ। ਖਾਸ ਕਰ ਕੇ ਜੇ ਕੋਈ ਉਸ ਵੇਲੇ ਜੇ ਬੀਮਾਰ ਹੋ ਜਾਵੇ ਤਾਂ ਉਸ ਨੂੰ ਕਿਧਰੇ ਲਿਜਾਣ ਦੀ ਕੋਈ ਤਰਕੀਬ ਨਹੀਂ ਸੁੱਝਦੀ। ਹੁਣੇ ਹੀ 25 ਅਕਤੂਬਰ ਨੂੰ ਥੋੜ੍ਹੇ ਜਿਹਾ ਮੀਂਹ ਪਿਆ ਸੀ ਜਿਸ ਨਾਲ ਪਿੰਡ ਦਾ ਰਸਤਾ ਹੀ ਬਲਾਕ ਹੋ ਗਿਆ ਸੀ, ਜਿਸ ਕਰ ਕੇ ਪਿੰਡ ਤੋਂ ਬਾਹਰ ਗਏ ਹੋਏ ਲੋਕਾਂ ਦਾ ਆਪਣੇ ਘਰ ਪਹੁੰਚਣਾ ਵੀ ਸੰਭਵ ਨਹੀਂ ਰਿਹਾ ਸੀ ਤੇ ਉਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਠਹਿਰਨਾ ਪਿਆ ਸੀ। ਉਨਾਂ ਹੋਰ ਕਿਹਾ ਕਿ ਜਦੋਂ ਭਗਵੰਤ ਸਿੰਘ ਮਾਨ ਵੱਲੋਂ ਪੱਥਰ ਰੱਖਿਆ ਗਿਆ ਸੀ, ਉਹ ਉਨਾਂ ਦੇ ਹੈਲੀਕਾਪਟਰ ਦੇ ਉੱਡਣ ਦੇ ਨਾਲ ਹੀ ਉੱਡ ਗਿਆ ਜਾਪਦਾ ਹੈ। ਲੋਕਾਂ ’ਚ ਇਹ ਵਿਸ਼ਵਾਸ਼ ਪੱਕਾ ਹੁੰਦਾ ਜਾ ਰਿਹਾ ਹੈ ਕਿ ਸੜਕ ਨਹੀਂ ਬਣਨੀ। ਪਿੰਡ ਦੇ ਸਮੂਹ ਲੋਕਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇ ਸੜਕ ਨਹੀਂ ਬਣਨੀ ਤਾਂ ਸਾਡੇ ਕੋਲੋਂ ਕੋਈ ਵੋਟਾਂ ਮੰਗਣ ਵੀ ਨਾ ਆਵੇ। ਮਤੇ ’ਤੇ ਦਸਤਖ਼ਤ ਕਰਨ ਵਾਲਿਆ ’ਚ ਸੰਦੀਪ ਕੌਰ, ਪ੍ਰਕਾਸ਼ ਕੌਰ, ਪ੍ਰੇਮ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ, ਸਤਪਾਲ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਕਰਵਿੰਦਰ ਸਿੰਘ, ਪਰਮਜੀਤ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਤੇ ਹਰਜੀਤ ਸਿੰਘ ਵੀ ਮੌਜੂਦ ਸਨ।