ਵਪਾਰੀ ਦੁਕਾਨਾਂ ਬਣਾਉਣ ਲਈ ਤਰਲੋ-ਮੱਛੀ ਪਰ ਹਾਲੇ ਵੀ ਫਸਿਆ ਪੇਚ ਵਪਾਰੀ ਦੁਕਾਨਾਂ ਬਣਾਉਣ ਲਈ ਤਰਲੋ-ਮੱਛੀ ਪਰ ਅਜੇ ਵੀ ਫਸਿਆ ਪੇਚ
Publish Date: Sun, 25 Oct 2026 10:49 PM (IST)
Updated Date: Sun, 25 Oct 2026 10:52 PM (IST)
---ਰਾਓਵਾਲੀ ਪਟਾਕਾ ਮਾਰਕੀਟ ’ਤੇ ਨਹੀਂ ਬਣੀ ਅਜੇ ਤੱਕ ਕੋਈ ਸਹਿਮਤੀ ---ਪਿੰਡ ਸੁਰੱਖਿਆ ਨੂੰ ਲੈ ਕੇ ਅੜਿਆ, ਵਪਾਰੀ ਨੁਕਸਾਨ ਦੇ ਡਰੋਂ ਪਰੇਸ਼ਾਨ ਲਖਬੀਰ, ਪੰਜਾਬੀ ਜਾਗਰਣ ਜਲੰਧਰ : ਜਲੰਧਰ ’ਚ ਦੀਵਾਲੀ ਮੌਕੇ ਲੱਗਣ ਵਾਲੀ ਅਸਥਾਈ ਪਟਾਕਾ ਮਾਰਕੀਟ ਦਾ ਪੇਚ ਹਾਲੇ ਵੀ ਫਸਿਆ ਹੋਇਆ ਹੈ। ਇਸ ਵੇਲੇ ਪੰਜਾਬੀ ਦੀ ਕਹਾਵਤ ‘ਕੁੰਡੀਆਂ ਦੇ ਸਿੰਙ ਫੱਸ’ਗੇ, ਕੋਈ ਨਿੱਤਰੂ ਵੜੇਵੇਂ ਖਾਣੀ’ ਵਾਲੀ ਬਣੀ ਹੋਈ ਹੈ। ਇੱਕ ਪਾਸੇ ਪਿੰਡ ਰਾਓਵਾਲੀ ਦੇ ਵਸਨੀਕ ਪਟਾਕਾ ਮਾਰਕੀਟ ਲਗਾਉਣ ਦੇ ਵਿਰੋਧ ਵਿੱਚ ਡਟੇ ਹੋਏ ਹਨ, ਜਦਕਿ ਦੂਜੇ ਪਾਸੇ ਪਟਾਕਾ ਵਪਾਰੀ ਆਪਣੀ ਕਰੋੜਾਂ ਰੁਪਏ ਦੀ ਪੂੰਜੀ ਦਾਅ ’ਤੇ ਲੱਗੀ ਹੋਣ ਦਾ ਹਵਾਲਾ ਦੇ ਰਹੇ ਹਨ। ਦੋਵੇਂ ਧਿਰਾਂ ਆਪੋ-ਆਪਣਾ ਪੱਖ ਮਜ਼ਬੂਤੀ ਨਾਲ ਰੱਖ ਰਹੀਆਂ ਹਨ ਪਰ ਫਿਲਹਾਲ ਮਾਰਕੀਟ ਲੱਗਣ ਦਾ ਰਾਹ ਸਾਫ਼ ਹੁੰਦਾ ਨਜ਼ਰ ਨਹੀਂ ਆ ਰਿਹਾ। ਸੂਤਰਾਂ ਅਨੁਸਾਰ ਅਦਾਲਤੀ ਰੋਕ ਦੇ ਬਾਵਜੂਦ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਫਿਲਹਾਲ ਰੁਕਵਾ ਦਿੱਤਾ ਗਿਆ ਸੀ। ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਡੀਐੱਸਪੀ ਤੋਂ ਲੈ ਕੇ ਐੱਸਐੱਚਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇਕਰ ਵਪਾਰੀ ਰਾਤ-ਬਰਾਤੇ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਸਾਰਾ ਪਿੰਡ ਇਕਜੁੱਟ ਹੋ ਕੇ ਵਿਰੋਧ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਕੋਰਟ ਦੇ ਸਟੇਅ ਦੇ ਬਾਵਜੂਦ ਦੁਕਾਨਾਂ ਬਣਾਉਣ ਲਈ ਤਰਲੋ-ਮੱਛੀ ਹੋਏ ਪਏ ਹਨ। ਸਰਪੰਚ ਰਾਣਾ ਨੇ ਕਿਹਾ ਕਿ ਸਟੇਅ ਮਿਲਣ ਤੋਂ ਅਗਲੇ ਦਿਨ ਵਪਾਰੀਆਂ ਵੱਲੋਂ ਦੋ ਅਸਥਾਈ ਦੁਕਾਨਾਂ ਬਣਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਕੰਮ ਰੁਕਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੁਕਾਨਾਂ ਬਣਾਏ ਜਾਣ ਦੀ ਉਨ੍ਹਾਂ ਕੋਲ ਵੀਡੀਓ ਅਤੇ ਫੋਟੋਗ੍ਰਾਫ ਮੌਜੂਦ ਹਨ, ਜੋ ਅਦਾਲਤ ਅੱਗੇ ਪੇਸ਼ ਕਰ ਦਿੱਤੇ ਜਾਣਗੇ। ਓਧਰ, ਵਪਾਰੀਆਂ ਅਨੁਸਾਰ ਉਕਤ ਦੁਕਾਨਾਂ ਨਹੀਂ, ਸਗੋਂ ਦੁਕਾਨਾਂ ਬਣਾਉਣ ਵਾਲੀ ਲੇਬਰ ਲਈ ਅਸਥਾਈ ਕਮਰੇ ਬਣਾਏ ਜਾ ਰਹੇ ਸਨ। ----------------------------- ਸਟੇਅ ਕਾਰਨ ਫਸਿਆ ਪੇਚ ਪਟਾਕਾ ਮਾਰਕੀਟ ਦੇ ਮਾਮਲੇ ਵਿੱਚ ਅਦਾਲਤੀ ਸਟੇਅ ਕਾਰਨ ਮਾਰਕੀਟ ਲਗਾਉਣ ਦਾ ਰਾਹ ਰੁਕਿਆ ਹੋਇਆ ਹੈ। ਅਜਿਹੇ ਵਿੱਚ ਮਾਮਲਾ ਹੋਰ ਵੀ ਗੁੰਝਲਦਾਰ ਬਣ ਗਿਆ ਹੈ। ਪਿੰਡ ਵਾਸੀਆਂ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਦਾਲਤੀ ਹੁਕਮਾਂ ਦੇ ਬਾਵਜੂਦ ਮਾਰਕੀਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਮਾਮਲੇ ਨਾਲ ਜੁੜੇ ਸਾਰੇ ਲੋਕਾਂ ਨੂੰ ਅਦਾਲਤ ਵਿੱਚ ਘੜੀਸਿਆ ਜਾਵੇਗਾ। ਇਸ ਚਿਤਾਵਨੀ ਕਾਰਨ ਮਾਰਕੀਟ ਲਗਾਉਣ ਦੇ ਮਾਮਲੇ ’ਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। --------------------------- ਵਪਾਰੀਆਂ ਨੂੰ ਕਰੋੜਾਂ ਦੇ ਨੁਕਸਾਨ ਦਾ ਡਰ ਦੂਜੇ ਪਾਸੇ ਪਟਾਕਾ ਵਪਾਰੀਆਂ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਮਾਰਕੀਟ ਜਲਦੀ ਨਾ ਲੱਗੀ ਤਾਂ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਦੀਵਾਲੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਆਪਣੀ ਤਿਆਰੀ ਕੀਤੀ ਹੋਈ ਹੈ ਅਤੇ ਮਾਰਕੀਟ ਨਾ ਲੱਗਣ ਦੀ ਸੂਰਤ ਵਿੱਚ ਉਨ੍ਹਾਂ ਦੀ ਪੂੰਜੀ ਫਸਣ ਦਾ ਖਦਸ਼ਾ ਹੈ। ਜੇਕਰ ਕਿਸੇ ਕਾਰਨ ਮਾਰਕੀਟ ਨਹੀਂ ਲੱਗਦੀ ਤਾਂ ਵਪਾਰੀਆਂ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। --------------------------- ਵੀਡੀਓ ਤੇ ਫੋਟੋਗ੍ਰਾਫੀ ਪਹਿਲਾਂ ਹੀ ਕਰਵਾਈ ਪਿੰਡ ਵਾਸੀਆਂ ਅਨੁਸਾਰ ਇਸ ਮਾਮਲੇ ਵਿੱਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਵੀ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ। ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਅਦਾਲਤੀ ਹੁਕਮਾਂ ਅਤੇ ਦੋਵੇਂ ਧਿਰਾਂ ਦੇ ਆਪੋ-ਆਪਣੇ ਪੱਖਾਂ ਦਰਮਿਆਨ ਇਸ ਮਾਮਲੇ ਦਾ ਕੀ ਹੱਲ ਨਿਕਲਦਾ ਹੈ। ਫਿਲਹਾਲ ਪਿੰਡ ਵਾਸੀ ਸੁਰੱਖਿਆ ਦੇ ਮੁੱਦੇ ’ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਵਪਾਰੀ ਆਪਣੇ ਆਰਥਿਕ ਨੁਕਸਾਨ ਨੂੰ ਲੈ ਕੇ ਚਿੰਤਤ ਹਨ। ਅਜਿਹੇ ਵਿੱਚ ਰਾਓਵਾਲੀ ਪਟਾਕਾ ਮਾਰਕੀਟ ਦਾ ਮਾਮਲਾ ਦੀਵਾਲੀ ਤੋਂ ਪਹਿਲਾਂ ਸੁਲਝਦਾ ਹੈ ਜਾਂ ਨਹੀਂ, ਇਹ ਦੇਖਣਾ ਬਾਕੀ ਹੈ। -------------------------- ਕਦੇ ਸੁਖਾਵੇਂ ਮਾਹੌਲ ’ਚ ਨਹੀਂ ਲੱਗੀ ਪਟਾਕਾ ਮਾਰਕੀਟ ਬਰਲਟਨ ਪਾਰਕ ਤੋਂ ਬਾਅਦ ਜਲੰਧਰ ਵਿੱਚ ਪਟਾਕਾ ਮਾਰਕੀਟ ਦਾ ਵਿਵਾਦ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਹਰ ਵਾਰ ਮਾਰਕੀਟ ਲਗਾਉਣ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਪੇਚ ਫਸ ਜਾਂਦਾ ਹੈ ਅਤੇ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ। ਇਸ ਵਾਰ ਪਿੰਡ ਰਾਓਵਾਲੀ ਵਿੱਚ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਵਪਾਰੀਆਂ ਵਿਚਾਲੇ ਟਕਰਾਅ ਵਰਗੇ ਹਾਲਾਤ ਬਣੇ ਹੋਏ ਹਨ। ਇੱਕ ਪਾਸੇ ਪਿੰਡ ਵਾਸੀ ਸੁਰੱਖਿਆ ਨੂੰ ਲੈ ਕੇ ਮਾਰਕੀਟ ਦਾ ਵਿਰੋਧ ਕਰ ਰਹੇ ਹਨ, ਜਦਕਿ ਦੂਜੇ ਪਾਸੇ ਵਪਾਰੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾ ਰਹੇ ਹਨ। ਅਦਾਲਤੀ ਸਟੇਅ ਕਾਰਨ ਮਾਮਲਾ ਹੋਰ ਵੀ ਗੁੰਝਲਦਾਰ ਬਣ ਗਿਆ ਹੈ। ਸਵਾਲ ਇਹ ਹੈ ਕਿ ਆਖ਼ਰ ਹਰ ਵਾਰ ਪਟਾਕਾ ਮਾਰਕੀਟ ਨੂੰ ਲੈ ਕੇ ਵਿਵਾਦ ਕਿਉਂ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਦਾ ਸਥਾਈ ਹੱਲ ਕਦੋਂ ਨਿਕਲੇਗਾ। ------------------------ ਪੂਰਾ ਪ੍ਰਸ਼ਾਸਨ ਖੜ੍ਹਾਂਵਾਂਗੇ ਕਟਹਿਰੇ ’ਚ : ਸਰਪੰਚ ਇਸ ਸਬੰਧੀ ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਸਾਡੇ ਕੋਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸਬੂਤ ਮੌਜੂਦ ਹਨ। ਜੇਕਰ ਕਿਸੇ ਤਰ੍ਹਾਂ ਵੀ ਕਾਨੂੰਨ ਨੂੰ ਹੱਥ ’ਚ ਲਿਆ ਜਾਂਦਾ ਹੈ ਤਾਂ ਮਾਮਲਾ ਫਿਰ ਅਦਾਲਤ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ ਉਂਝ ਵੀ ਅਦਾਲਤ ਵੱਲੋਂ 29 ਅਕਤੂਬਰ ਨੂੰ ਦੁਬਾਰਾ ਸੁਣਵਾਈ ਦੀ ਤਰੀਕ ਰੱਖੀ ਹੋਈ ਹੈ। ਜੇਕਰ ਇਸ ਦੌਰਾਨ ਲੱਗੇ ਸਟੇਅ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੂਰਾ ਪ੍ਰਸ਼ਾਸਨ ਹੀ ਕਟਹਿਰੇ ’ਚ ਖੜ੍ਹਾ ਕਰਵਾਇਆ ਜਾਵੇਗਾ।