ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਨੈਤਿਕ ਸਿੱਖਿਆ ਦਾ ਇਮਤਿਹਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਵਿੱਚ ਪਹਿਲੀ ਵਾਰ ਨੈਤਿਕ ਸਿੱਖਿਆ ਦਾ ਇਮਤਿਹਾਨ ਕਰਵਾਇਆ
Publish Date: Sat, 24 Oct 2026 08:29 PM (IST)
Updated Date: Sun, 25 Oct 2026 04:04 AM (IST)
118 ਵਿਦਿਆਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ, 99 ਨੇ ਦਿੱਤਾ ਇਮਤਿਹਾਨ ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ ਫਿਲੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ 22 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਦਾ ਇਮਤਿਹਾਨ ਕਰਵਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਦੇ ਹੁਕਮਾਂ ਅਨੁਸਾਰ ਕਾਲਜ ਦੇ ਓਐੱਸਡੀ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਤੇ ਕੋ-ਆਰਡੀਨੇਟਰ ਡਾ. ਪਰਮਜੀਤ ਕੌਰ ਦੇ ਸਹਿਯੋਗ ਨਾਲ ਕਾਲਜ ’ਚ ਪਹਿਲੀ ਵਾਰ ਇਹ ਇਮਤਿਹਾਨ ਕਰਵਾਇਆ ਗਿਆ। ਇਸ ਦੌਰਾਨ ਕੁੱਲ 118 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ’ਚੋਂ 99 ਵਿਦਿਆਰਥੀਆਂ ਨੇ ਇਮਤਿਹਾਨ ’ਚ ਹਿੱਸਾ ਲਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ, ਚੰਗੇ ਆਚਰਣ, ਸਮਾਜਿਕ ਜ਼ਿੰਮੇਵਾਰੀਆਂ ਤੇ ਜੀਵਨ ’ਚ ਸਹੀ ਸੇਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ। ਇਮਤਿਹਾਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਾਲਜ ਦੇ ਸਮੂਹ ਸਟਾਫ ਨੇ ਆਪਣੀਆਂ ਡਿਊਟੀਆਂ ਨਿਭਾਈਆਂ। ਇਸ ਮੌਕੇ ਨੈਤਿਕ ਸਿੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀਆਂ ਹਾਸਲ ਕਰਨਾ ਜਾਂ ਰੁਜ਼ਗਾਰ ਪ੍ਰਾਪਤ ਕਰਨਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਸੱਚਾਈ, ਇਮਾਨਦਾਰੀ, ਅਨੁਸ਼ਾਸਨ, ਸਹਿਣਸ਼ੀਲਤਾ, ਦਇਆ, ਨਿਮਰਤਾ, ਆਪਸੀ ਸਤਿਕਾਰ ਤੇ ਸੇਵਾ ਭਾਵਨਾ ਵਰਗੇ ਗੁਣ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਓਐੱਸਡੀ. ਡਾ. ਰਾਜਵਿੰਦਰ ਕੌਰ ਹੁੰਦਲ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।