ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ’ਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਵਿਚ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ
Publish Date: Sat, 24 Oct 2026 09:30 PM (IST)
Updated Date: Sat, 24 Oct 2026 09:31 PM (IST)
‘ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਜੀ ਦੀ ਜੈ’ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਸੜਕਾਂ ’ਤੇ ਲੱਗਿਆ ਮੇਲੇ ਵਰਗਾ ਰੌਣਕਾਂ ਭਰਿਆ ਮਾਹੌਲ ਕੈਬਨਿਟ ਮੰਤਰੀ ਤੇ ਮੇਅਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਲ ਸ਼ੈਲੀ ਪੰਜਾਬੀ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਲੋਂ ਕਮੇਟੀ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਪਿਨ ਸਭਰਵਾਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਤੋਂ ਪਹਿਲਾਂ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਦੀ ਕਾਮਨਾ ਲਈ ਹਵਨ-ਯੱਗ ਕਰਵਾਇਆ ਗਿਆ। ਵਿਪਿਨ ਸਭਰਵਾਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਸਜਾਈ ਗਈ, ਜਿਸ ਅੱਗੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਸ਼ੋਭਾ ਯਾਤਰਾ ਤੋਂ ਪਹਿਲਾਂ ਅਲੀ ਮੁਹੱਲਾ ਵਿਖੇ ਵਿਸ਼ਾਲ ਮੰਚ ਲਗਾਇਆ ਗਿਆ। ਇਸ ਮੌਕੇ ‘ਦੈਨਿਕ ਜਾਗਰਣ’ ਦੇ ਪੰਜਾਬ ਤੇ ਚੰਡੀਗੜ੍ਹ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ, ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਿਨੀਤ ਧੀਰ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਸਮਾਜ ਵੱਲੋਂ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ, ਮਾਂ ਬਗਲਾਮੁਖੀ ਧਾਮ ਗੁਲਮੋਹਰ ਸਿਟੀ ਦੇ ਸੰਸਥਾਪਕ ਅਤੇ ਪ੍ਰਬੰਧਕ ਨਵਜੀਤ ਭਾਰਦਵਾਜ ਅਤੇ ਬਾਬਾ ਰਾਜ ਕਿਸ਼ੋਰ ਸਮੇਤ ਜ਼ਿਲ੍ਹੇ ਭਰ ਤੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਵਿਪਿਨ ਸਭਰਵਾਲ, ਸੁਭਾਸ਼ ਸੋਂਧੀ, ਜਤਿੰਦਰ ਨਿੱਕਾ ਅਤੇ ਚੇਤਨ ਹਾਂਡਾ ਸਮੇਤ ਕਮੇਟੀ ਦੇ ਮੈਂਬਰਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਮੰਚ ’ਤੇ ਪਹੁੰਚੇ ਅਮਿਤ ਸ਼ਰਮਾ ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਸਮਾਨਤਾ ਅਤੇ ਉੱਚ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਦੀ ਸੱਭਿਆਚਾਰਕ ਵਿਰਾਸਤ ਵਿੱਚ ਭਗਵਾਨ ਵਾਲਮੀਕਿ ਜੀ ਦੇ ਅਮੁੱਲ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਲੀ ਮੁਹੱਲਾ ਵਿਖੇ ਸਜਾਏ ਗਏ ਵਿਸ਼ਾਲ ਮੰਚ ’ਤੇ ਸੰਤ ਸਮਾਜ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ‘ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਜੀ ਦੀ ਜੈ’ ਦੇ ਜੈਕਾਰਿਆਂ ਨਾਲ ਸ਼ੋਭਾ ਯਾਤਰਾ ਦਾ ਆਗਾਜ਼ ਹੋਇਆ। ਇਸ ਮੌਕੇ ਸ਼ਸ਼ੀ ਸ਼ਰਮਾ, ਬੰਟੂ ਸਭਰਵਾਲ, ਜਤਿੰਦਰ ਨਿੱਕਾ, ਸੰਦੀਪ ਲੱਕੀ ਰਹੇਜਾ, ਰਾਜੀਵ ਗੋਰਾ ਅਤੇ ਚੇਤਨ ਹਾਂਡਾ ਸਮੇਤ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਸ਼ੋਭਾ ਯਾਤਰਾ ਅਲੀ ਮੁਹੱਲਾ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ, ਸ਼੍ਰੀ ਰਾਮ ਚੌਕ, ਲਵ-ਕੁਸ਼ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਸਰਕੂਲਰ ਰੋਡ, ਪਟੇਲ ਚੌਕ, ਜੇਲ੍ਹ ਰੋਡ ਅਤੇ ਬਸਤੀ ਅੱਡਾ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦੀ ਹੋਈ ਮੁੜ ਅਲੀ ਮੁਹੱਲਾ ਵਿਖੇ ਸੰਪੰਨ ਹੋਈ। ਇਸ ਦੌਰਾਨ ਥਾਂ-ਥਾਂ ਸਜੇ ਸਵਾਗਤੀ ਮੰਚ, ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਹੋਇਆ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਮੇਲੇ ਵਰਗਾ ਮਾਹੌਲ ਰਿਹਾ। ਸ਼ੋਭਾ ਯਾਤਰਾ ਦੌਰਾਨ 300 ਤੋਂ ਵੱਧ ਮੰਚ ਤੇ ਸਟਾਲ ਸਜਾਏ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਵਿੱਚ 300 ਤੋਂ ਵੱਧ ਸਵਾਗਤੀ ਮੰਚ ਅਤੇ ਸਟਾਲ ਸਜਾਏ ਗਏ ਸਨ। ਵੱਖ-ਵੱਖ ਥਾਵਾਂ ’ਤੇ ਡੀਜੇ ’ਤੇ ਵੱਜਦੀਆਂ ਧਾਰਮਿਕ ਧੁਨਾਂ ’ਤੇ ਸ਼ਰਧਾਲੂ ਨੱਚਦੇ-ਗਾਉਂਦੇ ਨਜ਼ਰ ਆਏ, ਜਦਕਿ ਕਈ ਥਾਵਾਂ ’ਤੇ ਸੰਗਤ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਪੂਰੇ ਰਸਤੇ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਵਿਪਿਨ ਸਭਰਵਾਲ ਨੇ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।