ਸਮੂਹਿਕ ਛੁੱਟੀ ਮਗਰੋਂ ਡੀਸੀ ਕੰਪਲੈਕਸ ’ਚ ਮੁੜ ਪਰਤੀ ਰਫ਼ਤਾਰ, ਲੋਕਾਂ ਲਿਆ ਸੁੱਖ ਦਾ ਸਾਹ ਸਮੂਹਿਕ ਛੁੱਟੀ ਮਗਰੋਂ ਡੀਸੀ ਕੰਪਲੈਕਸ ’ਚ ਮੁੜ ਪਰਤੀ ਰਫ਼ਤਾਰ, ਲੋਕਾਂ ਲਿਆ ਸੁੱਖ ਦਾ ਸਾਹ
Publish Date: Fri, 23 Oct 2026 09:30 PM (IST)
Updated Date: Fri, 23 Oct 2026 09:31 PM (IST)
ਛੇ ਦਿਨਾਂ ਬਾਅਦ ਟਰੈਕ ’ਤੇ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੱਕ ਹੋਏ ਟੈਸਟ 190 ’ਚੋਂ 150 ਦੇ ਟੈਸਟ ਹੋਏ, 40 ਦੀ ਤਾਰੀਖ ਮੁੜ ਬਦਲੀ ਲਖਬੀਰ, ਪੰਜਾਬੀ ਜਾਗਰਣ ਜਲੰਧਰ : ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਕਾਰਨ ਪਿਛਲੇ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਪ੍ਰਭਾਵਿਤ ਹੋ ਰਿਹਾ ਕੰਮਕਾਜ ਸ਼ੁੱਕਰਵਾਰ ਨੂੰ ਮੁੜ ਲੀਹ ’ਤੇ ਆ ਗਿਆ। ਦੋ ਦਿਨਾਂ ਦੀ ਸਮੂਹਿਕ ਛੁੱਟੀ ਖ਼ਤਮ ਹੋਣ ਤੋਂ ਬਾਅਦ ਡੀਸੀ ਕੰਪਲੈਕਸ ਦੇ ਵੱਖ-ਵੱਖ ਦਫ਼ਤਰਾਂ ਵਿੱਚ ਕੰਮਕਾਜ ਨੇ ਰਫ਼ਤਾਰ ਫੜ ਲਈ। ਜਿਹੜੇ ਲੋਕ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੁਝ ਰਾਹਤ ਮਿਲੀ। ਵੱਖ-ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਨੇ ਕੰਮਕਾਜ ਸੰਭਾਲਿਆ ਅਤੇ ਦਫ਼ਤਰਾਂ ਵਿੱਚ ਲੋਕਾਂ ਦੀ ਆਵਾਜਾਈ ਮੁੜ ਵਧ ਗਈ। ਆਰਟੀਏ ਦੇ ਟਰੈਕ ਤੇ ਤਕਰੀਬਨ ਸ਼ਾਮ 6 ਵਜੇ ਤੱਕ ਟੈਸਟਾਂ ਦਾ ਕੰਮ ਚੱਲਦਾ ਰਿਹਾ, ਜਿਸ ਕਾਰਨ ਕਾਫੀ ਹਦ ਤੱਕ ਕੰਮ ਨੇਪਰੇ ਚੜ੍ਹ ਸਕਿਆ। ਸਮੂਹਿਕ ਛੁੱਟੀ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਆਮ ਕੰਮਕਾਜ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਉਡੀਕ ਕਰਨੀ ਪਈ ਸੀ। ਕਈ ਲੋਕਾਂ ਦੇ ਕੰਮ ਅੱਗੇ ਪੈ ਗਏ ਸਨ, ਜਦਕਿ ਡਰਾਈਵਿੰਗ ਲਾਇਸੈਂਸਾਂ, ਆਰਸੀ ਤੇ ਟਰਾਂਸਪੋਰਟ ਨਾਲ ਜੁੜੇ ਹੋਰਨਾਂ ਕੰਮਾਂ ਲਈ ਆਉਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਦਫ਼ਤਰਾਂ ਵਿੱਚ ਕੰਮ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ------------------ ਛੇ ਦਿਨਾਂ ਬਾਅਦ ਟਰੈਕ ’ਤੇ ਪਰਤੀ ਰੌਣਕ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਵੀ ਪਿਛਲੇ ਛੇ ਦਿਨਾਂ ਤੋਂ ਪ੍ਰਭਾਵਿਤ ਕੰਮਕਾਜ ਸ਼ੁੱਕਰਵਾਰ ਨੂੰ ਮੁੜ ਰਫ਼ਤਾਰ ਵਿੱਚ ਆ ਗਿਆ। ਪੱਕੇ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੈਕਾਰਾਂ ਦੇ ਟੈਸਟ ਮੁੜ ਸ਼ੁਰੂ ਹੋਣ ਨਾਲ ਟਰੈਕ ’ਤੇ ਰੌਣਕ ਦਿਖਾਈ ਦਿੱਤੀ। ਪਿਛਲੇ ਦਿਨਾਂ ਦੌਰਾਨ ਟੈਸਟ ਨਾ ਹੋਣ ਕਾਰਨ ਜਿਨ੍ਹਾਂ ਬਿਨੈਕਾਰਾਂ ਨੂੰ ਆਪਣੀ ਅਪਾਇੰਟਮੈਂਟ ਮੁੜ ਤੈਅ ਕਰਵਾਉਣੀ ਪਈ ਸੀ, ਉਨ੍ਹਾਂ ਵਿੱਚੋਂ ਕਈਆਂ ਦੇ ਟੈਸਟ ਸ਼ੁੱਕਰਵਾਰ ਨੂੰ ਲਏ ਗਏ। ----------------------- 190 ਅਪਾਇੰਟਮੈਂਟਾਂ ’ਚੋਂ 150 ਦੇ ਟੈਸਟ ਪੱਕੇ ਡਰਾਈਵਿੰਗ ਲਾਇਸੈਂਸਾਂ ਲਈ ਸ਼ੁੱਕਰਵਾਰ ਨੂੰ ਕੁੱਲ 150 ਟੈਸਟ ਹੋਏ। ਜਾਣਕਾਰੀ ਅਨੁਸਾਰ, ਪਿਛਲੇ ਦਿਨਾਂ ਦੌਰਾਨ ਪ੍ਰਭਾਵਿਤ ਹੋਈਆਂ 190 ਅਪਾਇੰਟਮੈਂਟਾਂ ਨੂੰ ਮੁੜ ਤੈਅ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 150 ਬਿਨੈਕਾਰਾਂ ਦੇ ਟੈਸਟ ਲਏ ਗਏ, ਜਦਕਿ ਬਾਕੀ 40 ਅਪਾਇੰਟਮੈਂਟਾਂ ਨੂੰ ਮੁੜ ਰੀ-ਸ਼ਡਿਊਲ ਕਰਨਾ ਪਿਆ। ਇਸ ਤਰ੍ਹਾਂ ਬਹੁਤੇ ਬਿਨੈਕਾਰਾਂ ਦਾ ਕੰਮ ਹੋ ਗਿਆ, ਪਰ ਕੁਝ ਲੋਕਾਂ ਨੂੰ ਆਪਣੇ ਟੈਸਟ ਲਈ ਅਗਲੀ ਤਾਰੀਖ ਦੀ ਉਡੀਕ ਕਰਨੀ ਪਵੇਗੀ। -------------------------- ਰੁਕੇ ਕੰਮਾਂ ਨੂੰ ਨਿਪਟਾਉਣਾ ਬਣੇਗਾ ਅਹਿਮ ਸਰਕਾਰੀ ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਟਰੈਕ ’ਤੇ ਕੰਮਕਾਜ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ ਸਮੂਹਿਕ ਛੁੱਟੀ ਕਾਰਨ ਪ੍ਰਭਾਵਿਤ ਹੋਏ ਸਾਰੇ ਕੰਮਾਂ ਨੂੰ ਨਿਪਟਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਦਫ਼ਤਰਾਂ ਦੀ ਕਾਰਗੁਜ਼ਾਰੀ ਅਹਿਮ ਰਹੇਗੀ। ਲੋਕਾਂ ਦੀ ਉਮੀਦ ਹੈ ਕਿ ਹੁਣ ਸਰਕਾਰੀ ਕੰਮਾਂ ਵਿੱਚ ਤੇਜ਼ੀ ਬਣੀ ਰਹੇਗੀ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ------------------------ ਕੰਮਕਾਜ ਮੁੜ ਸ਼ੁਰੂ, ਲੋਕਾਂ ਨੂੰ ਮਿਲੀ ਰਾਹਤ : ਢਿੱਲੋਂ ਆਰਟੀਏ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਖ਼ਤਮ ਹੋਣ ਤੋਂ ਬਾਅਦ ਡਰਾਈਵਿੰਗ ਟੈਸਟ ਟਰੈਕ ’ਤੇ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਪੱਕੇ ਡਰਾਈਵਿੰਗ ਲਾਇਸੈਂਸਾਂ ਲਈ ਬਿਨੈਕਾਰਾਂ ਦੇ ਟੈਸਟ ਲਏ ਜਾ ਰਹੇ ਹਨ ਅਤੇ ਪਿਛਲੇ ਦਿਨਾਂ ਦੌਰਾਨ ਪ੍ਰਭਾਵਿਤ ਹੋਏ ਕੰਮਾਂ ਨੂੰ ਨਿਪਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰਾਂ ਨੂੰ ਕਿਸੇ ਤਰ੍ਹਾਂ ਦੀ ਬੇਲੋੜੀ ਪਰੇਸ਼ਾਨੀ ਨਾ ਹੋਵੇ, ਇਸ ਲਈ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ।