- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਾਕਾ ਮਾਰਕੀਟ ’ਤੇ ਅਦਾਲਤ ਦੀ ਰੋਕ, 29 ਤੱਕ ਨਹੀਂ ਲੱਗੇਗੀ ਮਾਰਕੀਟ!

-ਪਿੰਡ ਰਾਓਵਾਲੀ ਦੇ 300 ਵਾਸੀਆਂ ਵੱਲੋਂ ਕੀਤਾ ਗਿਆ ਸੀ ਵਿਰੋਧ
-ਘਰਾਂ, ਫੈਕਟਰੀਆਂ ਤੇ ਪੈਟਰੋਲ ਪੰਪ ਹੋਣ ਕਾਰਨ ਕੀਤਾ ਸੀ ਇਤਰਾਜ਼
ਲਖਬੀਰ/ਭੱਲਾ, ਪੰਜਾਬੀ ਜਾਗਰਣ
ਜਲੰਧਰ : ਜਲੰਧਰ ਦੇ ਪਿੰਡ ਰਾਓਵਾਲੀ ਵਿੱਚ ਪਟਾਕਾ ਮਾਰਕੀਟ ਲਗਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਅਹਿਮ ਹੁਕਮ ਜਾਰੀ ਕੀਤੇ ਹਨ। ਗ੍ਰਾਮ ਪੰਚਾਇਤ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਸਿਵਲ ਜੱਜ ਜੂਨੀਅਰ ਡਿਵੀਜ਼ਨ ਜਲੰਧਰ ਦੀ ਅਦਾਲਤ ਨੇ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਲਗਾਉਣ ਅਤੇ ਚਲਾਉਣ ’ਤੇ 29 ਅਕਤੂਬਰ 2026 ਤੱਕ ਰੋਕ ਲਗਾ ਦਿੱਤੀ ਹੈ। ਇਹ ਹੁਕਮ 23 ਅਕਤੂਬਰ ਨੂੰ ਜਾਰੀ ਕੀਤੇ ਗਏ।
----------------------------
ਪਿੰਡ ਦੀ ਸੜਕ ਸਿਰਫ਼ 10 ਫੁੱਟ ਚੌੜੀ
ਪੰਚਾਇਤ ਨੇ ਅਦਾਲਤ ਵਿੱਚ ਕਿਹਾ ਕਿ ਪਿੰਡ ਰਾਓਵਾਲੀ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਹੈ ਅਤੇ ਪਿੰਡ ਨੂੰ ਮੁੱਖ ਸੜਕ ਨਾਲ ਜੋੜਨ ਵਾਲਾ ਰਸਤਾ ਸਿਰਫ਼ 10 ਫੁੱਟ ਚੌੜਾ ਹੈ। ਪੰਚਾਇਤ ਮੁਤਾਬਕ ਜਿਸ ਜ਼ਮੀਨ ’ਤੇ ਪਟਾਕਾ ਮਾਰਕੀਟ ਲਗਾਈ ਜਾ ਰਹੀ ਹੈ, ਉਸ ਦੇ ਆਲੇ-ਦੁਆਲੇ ਫੈਕਟਰੀਆਂ, ਰਿਹਾਇਸ਼ੀ ਮਕਾਨ ਅਤੇ ਮਜ਼ਦੂਰਾਂ ਦੇ ਘਰ ਹਨ। ਇਸ ਦੇ ਨਾਲ ਹੀ ਨੇੜੇ ਪੈਟਰੋਲ ਪੰਪ ਵੀ ਹੈ। ਪੰਚਾਇਤ ਨੇ ਖਦਸ਼ਾ ਜਤਾਇਆ ਕਿ ਅਜਿਹੀ ਥਾਂ ’ਤੇ ਪਟਾਕਾ ਮਾਰਕੀਟ ਲੱਗਣ ਨਾਲ ਅੱਗ ਲੱਗਣ, ਧਮਾਕੇ ਅਤੇ ਲੋਕਾਂ ਦੀ ਜਾਨ-ਮਾਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ।
--------------------------
300 ਪਿੰਡ ਵਾਸੀਆਂ ਨੇ ਕੀਤੇ ਦਸਤਖ਼ਤ
ਅਦਾਲਤੀ ਹੁਕਮਾਂ ਵਿੱਚ ਦਰਜ ਪੰਚਾਇਤ ਦੇ ਪੱਖ ਅਨੁਸਾਰ 10 ਅਕਤੂਬਰ ਨੂੰ ਪਟਾਕਾ ਮਾਰਕੀਟ ਦੇ ਵਿਰੋਧ ਵਿੱਚ ਪਿੰਡ ਦਾ ਆਮ ਇਜਲਾਸ ਬੁਲਾਇਆ ਗਿਆ ਸੀ। ਪੰਚਾਇਤ ਨੇ ਦਾਅਵਾ ਕੀਤਾ ਕਿ ਇਸ ਵਿਰੋਧ ਵਿੱਚ ਲਗਭਗ 300 ਪਿੰਡ ਵਾਸੀਆਂ ਨੇ ਦਸਤਖ਼ਤ ਕੀਤੇ ਸਨ। ਇਸ ਤੋਂ ਇਲਾਵਾ ਪੰਚਾਇਤ ਨੇ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਸ਼ਿਕਾਇਤ ਦਿੱਤੀ ਸੀ। ਪੰਚਾਇਤ ਨੇ ਇਹ ਵੀ ਦੋਸ਼ ਲਗਾਇਆ ਕਿ ਮਾਰਕੀਟ ਲਗਾਉਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਅਤੇ ਲੋਕਾਂ ਨਾਲ ਸਲਾਹ ਨਹੀਂ ਕੀਤੀ ਗਈ ਅਤੇ ਲੋੜੀਂਦਾ ਇਤਰਾਜ਼ ਰਹਿਤ ਸਰਟੀਫਿਕੇਟ (ਐੱਨਓਸੀ) ਵੀ ਨਹੀਂ ਲਿਆ ਗਿਆ। ਇਹ ਪੰਚਾਇਤ ਵੱਲੋਂ ਅਦਾਲਤ ਵਿੱਚ ਰੱਖੇ ਗਏ ਦਾਅਵੇ ਹਨ।
-----------------------------
ਅਦਾਲਤ ਨੇ ਕਿਉਂ ਲਗਾਈ ਰੋਕ
ਅਦਾਲਤ ਨੇ ਪੰਚਾਇਤ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਦੇਖਣ ਤੋਂ ਬਾਅਦ ਮੰਨਿਆ ਕਿ ਇਸ ਪੜਾਅ ’ਤੇ ਪੰਚਾਇਤ ਦੇ ਪੱਖ ਵਿੱਚ ਪਹਿਲੀ ਨਜ਼ਰੇ ਕੇਸ ਬਣਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਤੁਰੰਤ ਰੋਕ ਨਾ ਲਗਾਈ ਗਈ ਤਾਂ ਨੁਕਸਾਨ ਹੋ ਸਕਦਾ ਹੈ ਅਤੇ ਕੇਸ ਦਾ ਮਕਸਦ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਬਾਅਦ ਅਦਾਲਤ ਨੇ ਦੂਜੀ ਧਿਰ ਨੂੰ ਪਹਿਲਾਂ ਸੁਣੇ ਬਿਨਾਂ ਹੀ ਅੰਤਰਿਮ ਰੋਕ ਲਗਾਉਣ ਦੇ ਹੁਕਮ ਦਿੱਤੇ। ਇਹ ਰੋਕ ਮੁਕੱਦਮੇ ਵਿੱਚ ਦਰਸਾਈ ਗਈ ਅਤੇ ਨਕਸ਼ੇ ਵਿੱਚ ਲਾਲ ਰੰਗ ਨਾਲ ਦਿਖਾਈ ਗਈ ਜ਼ਮੀਨ ’ਤੇ ਲਾਗੂ ਹੈ।
-----------------------------
29 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
ਅਦਾਲਤ ਨੇ ਦੂਜੀ ਧਿਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ 2026 ਨੂੰ ਹੋਵੇਗੀ। ਫਿਲਹਾਲ ਅਦਾਲਤ ਨੇ ਸਿਰਫ ਅੰਤਰਿਮ ਰੋਕ ਲਗਾਈ ਹੈ ਅਤੇ ਕੇਸ ਦਾ ਅੰਤਿਮ ਫੈਸਲਾ ਅਜੇ ਨਹੀਂ ਹੋਇਆ। ਅਗਲੀ ਸੁਣਵਾਈ ’ਤੇ ਦੂਜੀ ਧਿਰ ਦਾ ਪੱਖ ਵੀ ਸਾਹਮਣੇ ਆਵੇਗਾ।
-----------------------------
ਪ੍ਰਸ਼ਾਸਨ ਨੇ ਲਾਇਸੈਂਸਾਂ ਲਈ 27 ਤੱਕ ਮੰਗੀਆਂ ਅਰਜ਼ੀਆਂ
ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਵੱਲੋਂ ਵਿਸਫੋਟਕ ਨਿਯਮ, 2008 ਅਤੇ ਅਦਾਲਤੀ ਹੁਕਮਾਂ ਦਾ ਹਵਾਲਾ ਦਿੰਦਿਆਂ ਪਟਾਕੇ ਵੇਚਣ ਲਈ 20 ਅਸਥਾਈ ਲਾਇਸੈਂਸ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਜਾਰੀ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਨਿਰਧਾਰਤ ਸ਼ਰਤਾਂ ਅਨੁਸਾਰ 21 ਤੋਂ 27 ਅਕਤੂਬਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ 29 ਅਕਤੂਬਰ ਨੂੰ ਦੁਪਹਿਰ 12 ਵਜੇ ਡਰਾਅ ਕੱਢਿਆ ਜਾਣਾ ਹੈ। ਨਿਰਧਾਰਤ ਸਮੇਂ ਤੋਂ ਬਾਅਦ ਆਉਣ ਵਾਲੀਆਂ ਅਰਜ਼ੀਆਂ ਸਵੀਕਾਰ ਨਾ ਕਰਨ ਦੀ ਗੱਲ ਵੀ ਕਹੀ ਗਈ ਹੈ।
-------------------------
ਪਿੰਡ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਸਰਪੰਚ
ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਪੰਚਾਇਤ ਨੇ ਪਟਾਕਾ ਮਾਰਕੀਟ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਦਾਲਤ ਦਾ ਰੁਖ਼ ਕੀਤਾ ਸੀ। ਪੰਚਾਇਤ ਵੱਲੋਂ ਅਦਾਲਤ ਵਿੱਚ ਰੱਖੇ ਗਏ ਪੱਖ ਅਨੁਸਾਰ ਪ੍ਰਸਤਾਵਿਤ ਮਾਰਕੀਟ ਦੇ ਨੇੜੇ ਰਿਹਾਇਸ਼ੀ ਮਕਾਨ, ਫੈਕਟਰੀਆਂ, ਮਜ਼ਦੂਰਾਂ ਦੇ ਘਰ ਅਤੇ ਪੈਟਰੋਲ ਪੰਪ ਮੌਜੂਦ ਹਨ। ਪੰਚਾਇਤ ਨੇ ਅੱਗ ਲੱਗਣ, ਧਮਾਕੇ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਸੀ। ਅਦਾਲਤੀ ਹੁਕਮਾਂ ਵਿੱਚ ਇਹ ਵੀ ਦਰਜ ਹੈ ਕਿ ਪੰਚਾਇਤ ਨੇ 10 ਅਕਤੂਬਰ ਨੂੰ ਪਿੰਡ ਦਾ ਆਮ ਇਜਲਾਸ ਬੁਲਾਇਆ ਸੀ, ਜਿਸ ਵਿੱਚ ਲਗਭਗ 300 ਪਿੰਡ ਵਾਸੀਆਂ ਦੇ ਦਸਤਖ਼ਤ ਹੋਣ ਦਾ ਦਾਅਵਾ ਕੀਤਾ ਗਿਆ। ਇਸ ਮਾਮਲੇ ਵਿੱਚ ਅਦਾਲਤ ਨੇ 29 ਅਕਤੂਬਰ ਤੱਕ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅੰਤਰਿਮ ਰੋਕ ਲਗਾਈ ਹੈ।
---------------------------
ਅਦਾਲਤੀ ਹੁਕਮ ਮਿਲਣ ਤੋਂ ਬਾਅਦ ਤੈਅ ਹੋਵੇਗੀ ਅਗਲੀ ਰਣਨੀਤੀ : ਭੰਡਾਰੀ
ਇਸ ਸਬੰਧੀ ਪਟਾਕਾ ਮਾਰਕੀਟ ਦੇ ਸੀਨੀਅਰ ਕਾਰਕੁੰਨ ਵਿਕਾਸ ਭੰਡਾਰੀ ਨੇ ਕਿਹਾ ਕਿ ਫਿਲਹਾਲ ਅਦਾਲਤੀ ਹੁਕਮਾਂ ਸਬੰਧੀ ਜਾਣਕਾਰੀ ਨਹੀਂ ਹੈ। ਸ਼ਨੀਵਾਰ ਨੂੰ ਆਪਣੇ ਵਕੀਲ ਰਾਹੀਂ ਅਦਾਲਤੀ ਹੁਕਮ ਹਾਸਲ ਕਰਨ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਪਹਿਲਾਂ ਆਪਣਾ ਪੱਖ ਰੱਖਦਿਆਂ ਪਟਾਕਾ ਮਾਰਕੀਟ ਦੇ ਸੀਨੀਅਰ ਨੁਮਾਇੰਦੇ ਵਿਕਾਸ ਭੰਡਾਰੀ ਨੇ ਦਾਅਵਾ ਕੀਤਾ ਸੀ ਕਿ ਮਾਰਕੀਟ ਲਗਾਉਣ ਲਈ ਉਨ੍ਹਾਂ ਕੋਲ ਸਾਰੀਆਂ ਲੋੜੀਂਦੀਆਂ ਐੱਨਓਸੀ ਅਤੇ ਪ੍ਰਸ਼ਾਸਨਿਕ ਮਨਜ਼ੂਰੀਆਂ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਬੰਧਤ ਵਿਭਾਗ ਵੱਲੋਂ ਲਾਇਸੈਂਸਾਂ ਲਈ ਜਲਦੀ ਡਰਾਅ ਕੱਢੇ ਜਾਣਗੇ। ਭੰਡਾਰੀ ਮੁਤਾਬਕ, ਇਸ ਵਾਰ ਮਾਰਕੀਟ ਲਈ ਚੁਣੀ ਗਈ ਜਗ੍ਹਾ ਪਹਿਲੀ ਲੋਕੇਸ਼ਨ ਤੋਂ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਹੈ ਅਤੇ ਆਬਾਦੀ ਤੋਂ ਵੀ ਕਾਫ਼ੀ ਦੂਰ ਹੈ। ਦੂਜੇ ਪਾਸੇ, ਗ੍ਰਾਮ ਪੰਚਾਇਤ ਨੇ ਸੁਰੱਖਿਆ ਸਬੰਧੀ ਖ਼ਦਸ਼ੇ ਜਤਾਉਂਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੋਂ ਬਾਅਦ ਅਦਾਲਤ ਨੇ 29 ਅਕਤੂਬਰ 2026 ਤੱਕ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅੰਤਰਿਮ ਰੋਕ ਲਗਾ ਦਿੱਤੀ।