ਮੋਦੀ ਸਰਕਾਰ ਦੀ ਯੋਜਨਾ ਤਹਿਤ 484 ਪਿੰਡਾਂ ਦਾ ਹੋਵੇਗਾ ਸੁੰਦਰੀਕਰਨ : ਹੁਰੀਆ ਮੋਦੀ ਸਰਕਾਰ ਦੀ ਯੋਜਨਾ 484 ਪਿੰਡਾਂ ’ਚ ਬਿਹਤਰ ਸਹੂਲਤਾਂ ਅਤੇ ਸਫ਼ਾਈ ਦਾ ਰਾਹ ਪੱਧਰਾ ਕਰੇਗੀ : ਯਜਿਤ ਹੁਰੀਆ
Publish Date: Fri, 23 Oct 2026 09:10 PM (IST)
Updated Date: Fri, 23 Oct 2026 09:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ, ਪੰਜਾਬ ਪ੍ਰਦੇਸ਼ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜਲੰਧਰ ਜ਼ਿਲ੍ਹੇ ਦੇ 484 ਪਿੰਡਾਂ ਲਈ 96.80 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਇਹ ਕਦਮ ਪੇਂਡੂ ਖੇਤਰਾਂ ਦੇ ਵਿਕਾਸ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਹੈ। ਇਸ ਯੋਜਨਾ ਤਹਿਤ ਹਰੇਕ ਪਿੰਡ ਲਈ ਲਗਭਗ 20 ਲੱਖ ਰੁਪਏ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਇਸ ਰਾਸ਼ੀ ਨਾਲ ਠੋਸ ਤੇ ਤਰਲ ਕੂੜਾ ਪ੍ਰਬੰਧਨ, ਆਂਗਣਵਾੜੀ ਕੇਂਦਰਾਂ ’ਚ ਬੁਨਿਆਦੀ ਸਹੂਲਤਾਂ ਤੇ ਭਾਈਚਾਰਕ ਸੇਵਾਵਾਂ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾਵੇਗਾ। ਇਸ ਨਾਲ ਪਿੰਡਾਂ ਵਿੱਚ ਸਫ਼ਾਈ ਪ੍ਰਬੰਧ ਬਿਹਤਰ ਹੋਣਗੇ ਅਤੇ ਪੇਂਡੂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ। ਯਜਿਤ ਹੁਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਪਿੰਡਾਂ ਦੇ ਵਿਕਾਸ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਦਾ ਮੂਲ ਮੰਤਰ ‘ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ’ ਦੇਸ਼ ਦੇ ਹਰ ਵਰਗ ਤੇ ਹਰ ਖੇਤਰ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ 484 ਪਿੰਡਾਂ ਲਈ ਮਨਜ਼ੂਰ ਕੀਤੀ ਇਹ ਰਾਸ਼ੀ ਪੇਂਡੂ ਵਿਕਾਸ ਨੂੰ ਨਵੀਂ ਗਤੀ ਦੇਵੇਗੀ ਤੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਦੇ ਨਾਲ-ਨਾਲ ਸਫ਼ਾਈ ਪ੍ਰਬੰਧ ਨੂੰ ਵੀ ਮਜ਼ਬੂਤ ਕਰੇਗੀ।