52ਵਾਂ ਸਾਲਾਨਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਅਦਰਸ਼ ਨਗਰ ਸਥਿਤ ਐੱਮਜੀਐੱਨ ਪਬਲਿਕ ਸਕੂਲ ਵਿਖੇ 52ਵੀਂ ਸਾਲਾਨਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Fri, 23 Oct 2026 07:38 PM (IST)
Updated Date: Fri, 23 Oct 2026 07:39 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਆਦਰਸ਼ ਨਗਰ ਸਥਿਤ ਐੱਮਜੀਐੱਨ ਪਬਲਿਕ ਸਕੂਲ ਵਿਖੇ ਦੋ ਦਿਨਾਂ 52ਵੀਂ ਸਾਲਾਨਾ ਖੇਡ ਸਮਾਗਮ ਆਪਣੇ ਸ਼ਾਨਦਾਰ ਸਮਾਪਤੀ ਪੜਾਅ ’ਤੇ ਪਹੁੰਚਿਆ। ਇਸ ਦੌਰਾਨ ਜ਼ਬਰਦਸਤ ਮੁਕਾਬਲੇ ਤੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਤਿਭਾ ਦੇਖਣ ਨੂੰ ਮਿਲੀ। ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਉਲੰਪੀਅਨ ਤੇ ਅੰਤਰਰਾਸ਼ਟਰੀ ਪੱਧਰ ਦੀ ਮਸ਼ਹੂਰ ਹਾਕੀ ਖਿਡਾਰਨ ਗੁਰਜੀਤ ਕੌਰ ਸ਼ਾਮਲ ਹੋਈ। ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਰੰਧਾਵਾ, ਅਕਾਦਮਿਕ ਕੋਆਰਡੀਨੇਟਰ ਤੇ ਹੈੱਡ ਮਿਸਟ੍ਰੈਸ ਸੰਗੀਤਾ ਭਾਟੀਆ ਤੇ ਹੋਰ ਕੋਆਰਡੀਨੇਟਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਦਿਨ ਦੇ ਮੁੱਖ ਆਕਰਸ਼ਣਾਂ ’ਚ ਸ਼ਾਨਦਾਰ ਮਾਰਚ ਪਾਸਟ, ਤਾਲਬੱਧ ਬੈਂਡ ਸ਼ੋਅ, ਅਨੁਸ਼ਾਸਨਬੱਧ ਪੀਟੀ, ਯੋਗਾ ਪ੍ਰਦਰਸ਼ਨ ਤੇ ਜੋਸ਼ੀਲਾ ਭੰਗੜਾ ਸ਼ਾਮਲ ਸਨ। ਖੇਡ ਮੈਦਾਨ ’ਚ ਵੱਖ-ਵੱਖ ਉਮਰ ਵਰਗਾਂ ਲਈ ਕਰਵਾਈਆਂ ਗਈਆਂ 100 ਮੀਟਰ, 200 ਮੀਟਰ ਤੇ ਰਿਲੇਅ ਦੌੜਾਂ ਨੇ ਵਿਦਿਆਰਥੀਆਂ ਤੇ ਦਰਸ਼ਕਾਂ ’ਚ ਭਾਰੀ ਉਤਸ਼ਾਹ ਭਰ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੂਰੇ ਜਜ਼ਬੇ ਤੇ ਅਨੁਸ਼ਾਸਨ ਨਾਲ ਖੇਡਾਂ ’ਚ ਹਿੱਸਾ ਲੈਣ। ਮੁੱਖ ਮਹਿਮਾਨ, ਪ੍ਰਿੰਸੀਪਲ ਤੇ ਹੋਰ ਪਤਵੰਤਿਆਂ ਨੇ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।