- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟਾ ਦਾ ਕਤਲ ਬੇਹੱਦ ਮੰਦਭਾਗਾ, 15 ਅਕਤੂਬਰ ਦੇ ‘ਪੰਜਾਬ ਬੰਦ’ ਦੇ ਸੱਦੇ ਦੀ ਪੂਰਨ ਹਮਾਇਤ: ਰਾਮ ਸਿੰਘ ਬੋਲੀਨਾ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਨਸ਼ਿਆਂ ਦੀ ਦਲਦਲ ’ਚੋਂ ਸੈਂਕੜੇ ਨੌਜਵਾਨਾਂ ਨੂੰ ਕੱਢਣ ਵਾਲੇ ਮਾਨਸਾ ਦੇ ਮਸ਼ਹੂਰ ਐਂਟੀ-ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਕੀਤੇ ਗਏ ਬੇਰਹਿਮੀ ਨਾਲ ਕਤਲ ’ਤੇ ਡੂੰਘੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਲੀਡਰ ਤੇ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਮ ਸਿੰਘ ਬੋਲੀਨਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਸਰਕਾਰਾਂ ਤੇ ਪ੍ਰਸ਼ਾਸਨ ਦਾ ਸੀ, ਉਹ ਕੰਮ ਪਰਵਿੰਦਰ ਸਿੰਘ ਝੋਟਾ ਵਰਗੇ ਸਮਾਜ ਸੇਵੀ ਆਪਣੀ ਜਾਨ ਜੋਖ਼ਮ ’ਚ ਪਾ ਕੇ ਕਰ ਰਹੇ ਸਨ। ਪਰਵਿੰਦਰ ਸਿੰਘ ਝੋਟਾ ਨੂੰ ਸ਼ਾਇਦ ਇਹ ਇਲਮ ਨਹੀਂ ਸੀ ਕਿ ਜਿਨ੍ਹਾਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਉਹ ਲੜ ਰਿਹਾ ਹੈ, ਉਹੀ ਇਕ ਦਿਨ ਉਸ ਦੀ ਜਾਨ ਲੈ ਲੈਣਗੇ। ਬਸਪਾ ਆਗੂ ਨੇ ਐਲਾਨ ਕੀਤਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਤੇ ਨਸ਼ਾ ਤਸਕਰਾਂ ਖ਼ਿਲਾਫ਼ 15 ਅਕਤੂਬਰ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੀ ਪੂਰਨ ਹਿਮਾਇਤ ਕਰਦੇ ਹਨ। ਉਨ੍ਹਾਂ ਸਮੂਹ ਵਰਕਰਾਂ ਤੇ ਆਮ ਲੋਕਾਂ ਨੂੰ ਇਸ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾ ਸਕੇ।