ਲੱਚਰ ਗੀਤਾਂ ਦੇ ਗਾਇਨ 'ਤੇ ਭਾਜਪਾ ਯੁਵਾ ਮੋਰਚਾ ਨੇ ਪ੍ਰਗਟਾਇਆ ਰੋਸ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਕਰਵਾਏ 'ਜਸ਼ਨ-ਏ-ਇਨਕਲਾਬ' 'ਚ ਲੱਚਰ ਗੀਤਾਂ ਦੇ ਗਾਇਨ 'ਤੇ ਭਾਜਪਾ ਯੁਵਾ ਮੋਰਚਾ ਦਾ ਹੱਲਾਬੋਲ
Publish Date: Wed, 07 Oct 2026 09:30 PM (IST)
Updated Date: Wed, 07 Oct 2026 09:32 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਜਸ਼ਨ-ਏ-ਇਨਕਲਾਬ ਸਮਾਗਮ ਨੂੰ ਲੈ ਕੇ ਸਿਆਸੀ ਤੇ ਸਮਾਜਿਕ ਵਿਵਾਦ ਗਰਮਾ ਗਿਆ ਹੈ। ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਨੇ ਇਸ ਸਮਾਗਮ ’ਚ ਪੇਸ਼ ਕੀਤੇ ਗਏ ਗੀਤਾਂ ਤੇ ਮਨੋਰੰਜਨ ਸਮੱਗਰੀ ਤੇ ਗੰਭੀਰ ਇਤਰਾਜ਼ ਜਤਾਉਂਦਿਆਂ ਇਸ ਨੂੰ ਮਹਾਨ ਸ਼ਹੀਦਾਂ ਦੀ ਵਿਰਾਸਤ ਤੇ ਕੁਰਬਾਨੀ ਦਾ ਅਪਮਾਨ ਕਰਾਰ ਦਿੱਤਾ ਹੈ। -- ਸ਼ਹੀਦੀ ਵਿਰਾਸਤ ਨੂੰ ਲੱਚਰਤਾ ਨਾਲ ਜੋੜਨਾ ਅਤਿ ਨਿੰਦਣਯੋਗ : ਭਾਜਪਾ ਯੁਵਾ ਮੋਰਚਾ ਪ੍ਰੈੱਸ ਕਾਨਫਰੰਸ ਦੌਰਾਨ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਉਹ ਮਹਾਨ ਇਨਕਲਾਬੀ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਤੇ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੀ ਸੋਚ ਤੇ ਵਿਚਾਰਧਾਰਾ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼-ਭਗਤੀ, ਸਮਾਜਿਕ ਜ਼ਿੰਮੇਵਾਰੀ ਤੇ ਇਨਸਾਫ਼ ਲਈ ਜਾਗਰੂਕ ਹੋਣ ਦੀ ਸੇਧ ਦਿੱਤੀ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਅਜਿਹੇ ਮਹਾਨ ਇਨਕਲਾਬੀ ਦੇ ਜਨਮ ਦਿਹਾੜੇ ਤੇ ਕਰਵਾਏ ਸਰਕਾਰੀ ਸਮਾਗਮ ’ਚ ਅਜਿਹੇ ਗੀਤ ਤੇ ਮਨੋਰੰਜਨ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਦੇ ਬੋਲਾਂ ਨੂੰ ਸਮਾਜ ਦਾ ਇਕ ਵੱਡਾ ਵਰਗ ਫੋਹੜ, ਲੱਚਰ ਤੇ ਅਸ਼ਲੀਲ ਮੰਨਦਾ ਹੈ? ਸੁਖਵਿੰਦਰ ਸਿੰਘ ਲਾਡੀ ਵੱਲੋਂ ਪ੍ਰੋਗਰਾਮ ਦੌਰਾਨ ਗਾਏ ਗਏ ਗੀਤਾਂ ਤੇ ਵਿਸ਼ੇਸ਼ ਤੌਰ ਤੇ ਇਤਰਾਜ਼ ਪ੍ਰਗਟਾਇਆ ਗਿਆ। ਭਾਜਪਾ ਆਗੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸਵਾਲ ਕਿਸੇ ਵਿਸ਼ੇਸ਼ ਕਲਾਕਾਰ ਜਾਂ ਪੰਜਾਬੀ ਸੰਗੀਤ ਜਗਤ ਵਿਰੁੱਧ ਨਹੀਂ ਹੈ। ਉਨ੍ਹਾਂ ਕਿਹਾ, ਸਾਡਾ ਇਤਰਾਜ਼ ਪ੍ਰੋਗਰਾਮ ਦੀ ਗਲਤ ਚੋਣ ਤੇ ਸਮਾਗਮ ਦੇ ਗੰਭੀਰ ਸੰਦਰਭ ਨੂੰ ਲੈ ਕੇ ਹੈ। ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮਾਗਮ ਦਾ ਮੁੱਖ ਕੇਂਦਰ ਨੌਜਵਾਨਾਂ ਨੂੰ ਸ਼ਹੀਦਾਂ ਦੀ ਸੋਚ, ਕੁਰਬਾਨੀ, ਦੇਸ਼-ਪ੍ਰੇਮ ਤੇ ਇਨਕਲਾਬੀ ਵਿਚਾਰਾਂ ਨਾਲ ਜੋੜਨਾ ਹੋਣਾ ਚਾਹੀਦਾ ਸੀ। -- ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਹ ਜਨਤਾ ਸਾਹਮਣੇ ਸਥਿਤੀ ਸਪੱਸ਼ਟ ਕਰੇ। ਜਿਸ ਸਮਾਗਮ ਨੂੰ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਦਾ ਨਾਂ ਦਿੱਤਾ ਗਿਆ ਸੀ, ਉਸ ਲਈ ਇਸ ਪ੍ਰਕਾਰ ਦੀ ਸਮੱਗਰੀ ਤੇ ਗੀਤਾਂ ਦੀ ਚੋਣ ਕਿਸ ਮਾਪਦੰਡ ਅਧੀਨ ਕੀਤੀ ਗਈ? ਯੁਵਾ ਮੋਰਚਾ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਹੀਦਾਂ ਦੀ ਸ਼ਾਨ ’ਚ ਅਜਿਹੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।