ਦਿਨ ਦਿਹਾੜੇ ਔਰਤ ਤੋਂ ਨਕਦੀ ਤੇ ਮੋਬਾਇਲ ਖੋਹਿਆ
ਬਿਲਗਾ ’ਚ ਦਿਨ ਦਿਹਾੜੇ ਔਰਤ ਤੋਂ 20 ਹਜ਼ਾਰ ਰੁਪਏ ਤੇ ਮੋਬਾਇਲ ਖੋਹ ਕੇ ਲੁਟੇਰੇ ਫ਼ਰਾਰ
Publish Date: Wed, 07 Oct 2026 07:03 PM (IST)
Updated Date: Wed, 07 Oct 2026 07:05 PM (IST)
ਰੇਸ਼ਮ ਲਾਲ, ਪੰਜਾਬੀ ਜਾਗਰਣ ਬਿਲਗਾ : ਥਾਣਾ ਬਿਲਗਾ ਅਧੀਨ ਪੈਂਦੇ ਇਲਾਕੇ ’ਚ ਦਿਨ ਦਿਹਾੜੇ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਇਕ ਔਰਤ ਕੋਲੋਂ 20 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਫ਼ੋਨ ਤੇ ਘਰ ਦੀਆਂ ਚਾਬੀਆਂ ਵਾਲਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋ ਗਏ। ਪੀੜਤ ਮਹਿਲਾ ਦਲਜੀਤ ਕੌਰ ਪਤਨੀ ਜਤਿੰਦਰ ਸਿੰਘ, ਵਾਸੀ ਪੱਤੀ ਨੀਲੋਵਾਲ (ਬਿਲਗਾ), ਨੇ ਦੱਸਿਆ ਕਿ ਉਹ ਸਵੇਰੇ ਕਰੀਬ 10:25 ਵਜੇ ਸਥਾਨਕ ਕੈਨਰਾ ਬੈਂਕ ਤੋਂ ਮੋਟਰਸਾਈਕਲ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ 20 ਹਜ਼ਾਰ ਰੁਪਏ ਨਕਦ ਕਢਵਾ ਕੇ ਲੈ ਕੇ ਜਾ ਰਹੀ ਸੀ। ਬੈਂਕ ਤੋਂ ਕਰੀਬ 100 ਗਜ਼ ਦੀ ਦੂਰੀ ’ਤੇ ਪਹੁੰਚਣ ’ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਕੋਲੋਂ ਲਿਫ਼ਾਫ਼ਾ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਦਲਜੀਤ ਕੌਰ ਅਨੁਸਾਰ ਲਿਫ਼ਾਫ਼ੇ ’ਚ 20 ਹਜ਼ਾਰ ਰੁਪਏ ਨਕਦ, ਇਕ ਮੋਬਾਇਲ ਫ਼ੋਨ ਤੇ ਘਰ ਦੀਆਂ ਚਾਬੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਕੁਝ ਹੀ ਮਿੰਟਾਂ ’ਚ ਮੌਕੇ ’ਤੇ ਪਹੁੰਚੇ। ਪੁਲਿਸ ਨੇ ਪੀੜਤ ਮਹਿਲਾ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਨ ਉਪਰੰਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।