- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਰ-1 ’ਚ ਨਵੇਂ ਅਧਿਕਾਰੀ ਦੀ ਐਂਟਰੀ, ਪਹਿਲੇ ਦਿਨ 85 ਦਸਤਾਵੇਜ਼

-ਜੁਆਇੰਟ ਸਬ-ਰਜਿਸਟਰਾਰ ਲਵਪ੍ਰੀਤ ਸਿੰਘ ਨੇ ਸੰਭਾਲਿਆ ਚਾਰਜ
-ਦਸਤਾਵੇਜ਼ਾਂ ਦੀਆਂ ਕਮੀਆਂ ਬਾਰੇ ਬਿਨੈਕਾਰਾਂ ਨੂੰ ਸਪੱਸ਼ਟ ਜਾਣਕਾਰੀ ਦਿਓ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਸਬ ਰਜਿਸਟਰਾਰ ਦਫ਼ਤਰ-1 ’ਚ ਲੁਧਿਆਣਾ ਤੋਂ ਤਬਦੀਲ ਹੋ ਕੇ ਆਏ ਜੁਆਇੰਟ ਸਬ ਰਜਿਸਟਰਾਰ (ਜੇਐੱਸਆਰ) ਲਵਪ੍ਰੀਤ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਦਫ਼ਤਰ ਦੇ ਸਟਾਫ ਨੂੰ ਕੰਮਕਾਜ ਵਿੱਚ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ ਦਰਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ਉਨ੍ਹਾਂ ਦੇ ਚਾਰਜ ਸੰਭਾਲਣ ਵਾਲੇ ਦਿਨ ਦਫ਼ਤਰ ਵਿੱਚ ਸਿਰਫ਼ 85 ਦਸਤਾਵੇਜ਼ ਹੀ ਦਰਜ ਹੋਏ, ਜੋ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਮੰਨੇ ਜਾ ਰਹੇ ਹਨ। ਦਫ਼ਤਰ ਵਿੱਚ ਦਰਜ ਕੀਤੇ ਗਏ ਦਸਤਾਵੇਜ਼ਾਂ ਦੇ ਅੰਕੜਿਆਂ ਮੁਤਾਬਕ 32 ਰਜਿਸਟਰੀਆਂ, 5 ਅਟਾਰਨੀਆਂ, 12 ਟਰਾਂਸਫਰ ਡੀਡਾਂ, 21 ਰਹਿਣਨਾਮੇ, 11 ਵਸੀਅਤਾਂ ਅਤੇ 4 ਲੀਜ਼ ਡੀਡਾਂ ਦਰਜ ਕੀਤੀਆਂ ਗਈਆਂ। ਇਸ ਤਰ੍ਹਾਂ ਕੁੱਲ 85 ਦਸਤਾਵੇਜ਼ਾਂ ਦਾ ਕੰਮ ਨਿਪਟਾਇਆ ਗਿਆ।
----------------------------
ਬੇਵਜ੍ਹਾ ਦਫ਼ਤਰ ਦੇ ਚੱਕਰ ਲਗਵਾਉਣ ਤੋਂ ਕੀਤਾ ਮਨ੍ਹਾ
ਜੁਆਇੰਟ ਸਬ-ਰਜਿਸਟਰਾਰ ਲਵਪ੍ਰੀਤ ਸਿੰਘ ਨੇ ਸਟਾਫ ਨੂੰ ਕਿਹਾ ਕਿ ਦਫ਼ਤਰ ’ਚ ਆਉਣ ਵਾਲੇ ਹਰੇਕ ਵਿਅਕਤੀ ਨਾਲ ਸਨਮਾਨਜਨਕ ਵਤੀਰਾ ਕੀਤਾ ਜਾਵੇ। ਕਿਸੇ ਵੀ ਆਵੇਦਕ ਨੂੰ ਦਸਤਾਵੇਜ਼ ਦਰਜ ਕਰਵਾਉਣ ਲਈ ਬਿਨਾਂ ਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ ਤੇ ਉਸ ਦੇ ਕੰਮ ਨੂੰ ਨਿਯਮਾਂ ਅਨੁਸਾਰ ਤੈਅ ਸਮੇਂ ’ਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰੀ ਦਫ਼ਤਰਾਂ ’ਚ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ, ਇਸ ਲਈ ਸਟਾਫ ਦਾ ਫਰਜ਼ ਹੈ ਕਿ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਸਟਾਫ ਨੂੰ ਖਾਸ ਤੌਰ ’ਤੇ ਹਦਾਇਤ ਕੀਤੀ ਕਿ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਦਫ਼ਤਰੀ ਕੰਮਕਾਜ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ ਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਦਸਤਾਵੇਜ਼ੀ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਸਟਾਫ ਨੂੰ ਲੋਕਾਂ ਨਾਲ ਸਹਿਯੋਗੀ ਰਵੱਈਆ ਅਪਣਾਉਣ ਲਈ ਕਿਹਾ ਗਿਆ।
-----------------------
ਦਸਤਾਵੇਜ਼ਾਂ ’ਚ ਕਮੀ ਹੋਵੇ ਤਾਂ ਸਪੱਸ਼ਟ ਦੱਸਣ ਦੇ ਨਿਰਦੇਸ਼
ਲਵਪ੍ਰੀਤ ਸਿੰਘ ਨੇ ਦਸਤਾਵੇਜ਼ਾਂ ਦੀ ਜਾਂਚ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਪੂਰਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦਸਤਾਵੇਜ਼ ’ਚ ਕੋਈ ਕਮੀ ਜਾਂ ਤਰੁੱਟੀ ਪਾਈ ਜਾਂਦੀ ਹੈ ਤਾਂ ਬਿਨੈਕਾਰ ਨੂੰ ਉਸ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਲੋੜੀਂਦੀ ਸੋਧ ਕਰਵਾ ਸਕੇ। ਇਸ ਨਾਲ ਲੋਕਾਂ ਨੂੰ ਇੱਕੋ ਕੰਮ ਲਈ ਵਾਰ-ਵਾਰ ਦਫ਼ਤਰ ਆਉਣ ਦੀ ਨੌਬਤ ਨਹੀਂ ਆਵੇਗੀ।
----------------------
ਹਦਾਇਤਾਂ ਨੂੰ ਅਮਲ ‘ਚ ਲਿਆਉਣਾ ਹੋਵੇਗਾ ਚੁਣੌਤੀ
ਐੱਸਆਰ-1 ’ਚ ਨਵੇਂ ਅਧਿਕਾਰੀ ਵੱਲੋਂ ਚਾਰਜ ਸੰਭਾਲਦਿਆਂ ਹੀ ਸਟਾਫ ਨੂੰ ਦਿੱਤੀਆਂ ਹਦਾਇਤਾਂ ਨਾਲ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣ ਦੀ ਉਮੀਦ ਹੈ। ਹਾਲਾਂਕਿ ਇਨ੍ਹਾਂ ਨਿਰਦੇਸ਼ਾਂ ਦਾ ਅਸਲ ਅਸਰ ਦਫ਼ਤਰ ਦੇ ਰੋਜ਼ਾਨਾ ਕੰਮਕਾਜ ’ਚ ਹੀ ਸਾਹਮਣੇ ਆਵੇਗਾ। ਹੁਣ ਦੇਖਣਾ ਹੋਵੇਗਾ ਕਿ ਰਜਿਸਟਰੀਆਂ ਤੇ ਹੋਰ ਦਸਤਾਵੇਜ਼ ਦਰਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਿੰਨੀ ਸਹੂਲਤ ਮਿਲਦੀ ਹੈ ਤੇ ਦਫ਼ਤਰ ਦੀ ਕਾਰਜਪ੍ਰਣਾਲੀ ’ਚ ਕਿੰਨਾ ਸੁਧਾਰ ਆਉਂਦਾ ਹੈ।