ਨਵੇਂ ਕੋਰਸ ਖੋਲ੍ਹਣਗੇ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ : ਡਾ. ਨਵਜੋਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਨਵੇਂ ਕੋਰਸਾਂ ਦੀ ਸ਼ੁਰੂਆਤ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹੇ
Publish Date: Tue, 31 Mar 2026 07:40 PM (IST)
Updated Date: Tue, 31 Mar 2026 07:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਨਵੇਂ ਅਕਾਦਮਿਕ ਸੈਸ਼ਨ ਤੋਂ ਤਿੰਨ ਨਵੇਂ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਤੇ ਰੁਜ਼ਗਾਰ-ਕੇਂਦ੍ਰਿਤ ਮੌਕਿਆਂ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਕਾਲਜ ਦੀ ਓਐੱਸਡੀ ਡਾ. ਨਵਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਕੋਰਸਾਂ ’ਚ ਐੱਮ-ਕਾਮ (ਪੰਜ ਸਾਲਾ ਇੰਟੀਗ੍ਰੇਟਿਡ), ਐੱਮਸੀਏ (ਪੰਜ ਸਾਲਾ ਇੰਟੀਗ੍ਰੇਟਿਡ) ਤੇ ਬੀ-ਕਾਮ (ਡਾਟਾ ਐਨਾਲਾਟਿਕਸ) ਸ਼ਾਮਲ ਹਨ। ਇਹ ਸਾਰੇ ਕੋਰਸ ਯੂਨੀਵਰਸਿਟੀ ਪੈਟਰਨ ਅਨੁਸਾਰ ਚੱਲਣੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਮਿਲੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਫੀਸ ਯੂਨੀਵਰਸਿਟੀ ਦੇ ਮੁਕਾਬਲੇ ਕਾਫੀ ਘੱਟ ਹੈ, ਤਾਂ ਜੋ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਵਿਦਿਆਰਥੀ ਵੀ ਉੱਚ ਸਿੱਖਿਆ ਹਾਸਲ ਕਰ ਸਕਣ। ਇਹ ਕਦਮ ਖੇਤਰ ਦੇ ਵਿਦਿਆਰਥੀਆਂ ਲਈ ਇਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਡਾ. ਨਵਜੋਤ ਕੌਰ ਅੱਗੇ ਦੱਸਿਆ ਕਿ ਅੱਜ ਦੇ ਸਮੇਂ ’ਚ ਡਾਟਾ ਐਨਾਲਿਸਿਸ ਤੇ ਆਈਟੀ ਖੇਤਰ ’ਚ ਰੋਜ਼ਗਾਰ ਦੇ ਮੌਕੇ ਤੇਜ਼ੀ ਨਾਲ ਵੱਧ ਰਹੇ ਹਨ, ਇਸ ਲਈ ਬੀ-ਕਾਮ (ਡਾਟਾ ਐਨਾਲਾਟਿਕਸ) ਤੇ ਐੱਮਸੀਏ ਵਰਗੇ ਕੋਰਸ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਮੁਹਾਰਤ ਪ੍ਰਦਾਨ ਕਰਨਗੇ। ਇਸਦੇ ਨਾਲ ਹੀ ਐੱਮ--ਕਾਮ ਦਾ ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਵਿਦਿਆਰਥੀਆਂ ਨੂੰ ਲੰਬੇ ਸਮੇਂ ਲਈ ਮਜ਼ਬੂਤ ਅਕਾਦਮਿਕ ਅਧਾਰ ਪ੍ਰਦਾਨ ਕਰੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕਾਲਜ ’ਚ ਕਈ ਨਵੇਂ ਤੇ ਰੋਜ਼ਗਾਰਮੁਖੀ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਾਲਜ ਨਾਲ ਸੰਪਰਕ ਕਰਨ ਤੇ ਸਮੇਂ ਸਿਰ ਦਾਖਲਾ ਪ੍ਰਕਿਰਿਆ ਪੂਰੀ ਕਰਨ। ਇਹ ਨਵੇਂ ਕੋਰਸ ਖੇਤਰ ’ਚ ਉੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ’ਚ ਸਹਾਇਕ ਸਾਬਤ ਹੋਣਗੇ।