ਨਾਜਾਇਜ਼ ਸਬੰਧਾਂ ਦਾ ਵਿਰੋਧ ਕਰਨ ਦੀ ਸਜ਼ਾ ਮੌਤ! ਹਸਪਤਾਲ ’ਚ ਦਾਖ਼ਲ ਨੇਹਾ ਨੇ ਤੋੜਿਆ ਦਮ, ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ
ਮਾਮਲੇ ਸਬੰਧੀ ਪੁਲਿਸ ਕਾਰਵਾਈ ਦੀ ਜਾਣਕਾਰੀ ’ਚ ਵੀ ਇਹ ਦੋਸ਼ ਦਰਜ ਹਨ। ਪੁਲਿਸ ਮੁਤਾਬਕ ਮ੍ਰਿਤਕਾ ਦੀ ਪਛਾਣ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਾਸੀ ਨੇਹਾ ਵਜੋਂ ਹੋਈ ਹੈ। ਉਸ ਦਾ ਕਰੀਬ ਸੱਤ ਸਾਲ ਪਹਿਲਾਂ ਕਰਤਾਰਪੁਰ ਵਾਸੀ ਉਮੰਗ ਬੱਸੀ ਨਾਲ ਵਿਆਹ ਹੋਇਆ ਸੀ ਤੇ ਉਸ ਦੀ ਛੇ ਸਾਲ ਦੀ ਇਕ ਬੇਟੀ ਹੈ। ਪੁਲਿਸ ਮੁਤਾਬਕ ਇਲਾਜ ਅਧੀਨ ਨੇਹਾ ਨੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਦੇ ਇਕ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਦਾ ਉਹ ਵਿਰੋਧ ਕਰਦੀ ਸੀ।
Publish Date: Mon, 24 Aug 2026 12:31 PM (IST)
Updated Date: Mon, 24 Aug 2026 12:35 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ। ਕਰਤਾਰਪੁਰ ਦੇ ਮੁਹੱਲਾ ਕਿਲਾ ਕੋਠੀ ’ਚ 19 ਅਗਸਤ ਨੂੰ ਵਾਪਰੀ ਘਟਨਾ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਈ ਔਰਤ ਨੇਹਾ ਦੀ ਲੰਘੀ ਰਾਤ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪਤੀ ਤੇ ਸੱਸ ਨੇ ਕਥਿਤ ਤੌਰ ’ਤੇ ਉਸ ਨੂੰ ਟਾਇਲਟ ਸਾਫ਼ ਕਰਨ ਵਾਲਾ ਕੈਮੀਕਲ ਜ਼ਬਰਦਸਤੀ ਪਿਲਾਇਆ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪਹਿਲਾਂ ਦਰਜ ਮਾਮਲੇ ’ਚ ਕਤਲ ਸਮੇਤ ਹੋਰ ਧਾਰਾਵਾਂ ਦਾ ਵਾਧਾ ਕੀਤਾ ਹੈ।
ਮਾਮਲੇ ਸਬੰਧੀ ਪੁਲਿਸ ਕਾਰਵਾਈ ਦੀ ਜਾਣਕਾਰੀ ’ਚ ਵੀ ਇਹ ਦੋਸ਼ ਦਰਜ ਹਨ। ਪੁਲਿਸ ਮੁਤਾਬਕ ਮ੍ਰਿਤਕਾ ਦੀ ਪਛਾਣ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਾਸੀ ਨੇਹਾ ਵਜੋਂ ਹੋਈ ਹੈ। ਉਸ ਦਾ ਕਰੀਬ ਸੱਤ ਸਾਲ ਪਹਿਲਾਂ ਕਰਤਾਰਪੁਰ ਵਾਸੀ ਉਮੰਗ ਬੱਸੀ ਨਾਲ ਵਿਆਹ ਹੋਇਆ ਸੀ ਤੇ ਉਸ ਦੀ ਛੇ ਸਾਲ ਦੀ ਇਕ ਬੇਟੀ ਹੈ।
ਪੁਲਿਸ ਮੁਤਾਬਕ ਇਲਾਜ ਅਧੀਨ ਨੇਹਾ ਨੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਦੇ ਇਕ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਦਾ ਉਹ ਵਿਰੋਧ ਕਰਦੀ ਸੀ।
ਇਸ ਗੱਲ ਨੂੰ ਲੈ ਕੇ ਪਤੀ-ਪਤਨੀ ’ਚ ਅਕਸਰ ਕਲੇਸ਼ ਰਹਿੰਦਾ ਸੀ। 19 ਅਗਸਤ ਨੂੰ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪਤੀ ਤੇ ਸੱਸ ਨੇ ਕਥਿਤ ਤੌਰ ’ਤੇ ਉਸ ਨੂੰ ਜ਼ਬਰਦਸਤੀ ਟਾਇਲਟ ਸਾਫ਼ ਕਰਨ ਵਾਲਾ ਕੈਮੀਕਲ ਪਿਲਾ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਨੇਹਾ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਬੋਲਣ ਦੀ ਸਥਿਤੀ ’ਚ ਨਹੀਂ ਸੀ। ਇਸ ਕਾਰਨ ਉਸ ਨੇ ਮੈਜਿਸਟਰੇਟ ਦੇ ਸਾਹਮਣੇ ਲਿਖਤੀ ਰੂਪ ’ਚ ਆਪਣਾ ਬਿਆਨ ਦਰਜ ਕਰਵਾਇਆ।
ਰਿਪੋਰਟਾਂ ਮੁਤਾਬਕ ਮੈਜਿਸਟਰੇਟ ਦੀ ਮੌਜੂਦਗੀ ’ਚ ਹਸਪਤਾਲ ’ਚ ਉਸ ਦਾ ਲਿਖਤੀ ਬਿਆਨ ਦਰਜ ਕੀਤਾ ਗਿਆ ਸੀ। ਨੇਹਾ ਦੇ ਬਿਆਨਾਂ ਦੇ ਆਧਾਰ ’ਤੇ ਕਰਤਾਰਪੁਰ ਪੁਲਿਸ ਨੇ 21 ਅਗਸਤ ਨੂੰ ਉਸ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸਮ ਬੱਸੀ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਨੇਹਾ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ’ਚ ਧਾਰਾ 103 ਤੇ 61(2) ਸਮੇਤ ਹੋਰ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਥਿਤ ਨਾਜਾਇਜ਼ ਸਬੰਧਾਂ ਨਾਲ ਜੁੜੀ ਮਹਿਲਾ ਸਤਪਾਲ ਕੌਰ ਵਾਸੀ ਕਰਤਾਰਪੁਰ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਮ੍ਰਿਤਕਾ ਦੇ ਭਰਾ ਅਮਰੀਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਕਰੀਬ 24 ਘੰਟਿਆਂ ਬਾਅਦ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਨੇਹਾ ਦੀ ਹਾਲਤ ਬੇਹੱਦ ਗੰਭੀਰ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਨੇਹਾ ਦਾ ਪਤੀ ਹਸਪਤਾਲ ’ਚ ਮੌਜੂਦ ਸੀ ਪਰ ਬਾਅਦ ’ਚ ਉਹ ਆਪਣੀ ਮਾਂ ਅਤੇ ਛੇ ਸਾਲਾ ਬੇਟੀ ਨੂੰ ਨਾਲ ਲੈ ਕੇ ਉਥੋਂ ਚਲਾ ਗਿਆ।
ਪੁਲਿਸ ਵੱਲੋਂ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।