- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਦੀ ਅਗਵਾਈ ਹੇਠ ਵੱਖ ਵੱਖ ਜਥੇਬੰਦੀਆਂ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ :
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮਸ਼ਾਲ ਮਾਰਚ ਕੀਤਾ ਗਿਆ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਸੀ.ਪੀ.ਐੱਮ., ਡੈਮੋਕ੍ਰੇਟਿਕ ਟੀਚਰਜ਼ ਫਰੰਟ ਸਮੇਤ ਹੋਰ ਜਨਤਕ ਜ਼ਮਹੂਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਹ ਮਸ਼ਾਲ ਮਾਰਚ ਸੁਸਾਇਟੀ ਦੇ ਦਫ਼ਤਰ ਅੱਪੂ ਆਰਟ ਪ੍ਰੈੱਸ ਸ਼ਾਹਕੋਟ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਮੋਗਾ ਰੋਡ, ਹਸਪਤਾਲ ਰੋਡ, ਸਬਜ਼ੀ ਮੰਡੀ ਰੋਡ, ਮੇਨ ਬਾਜ਼ਾਰ ਅਤੇ ਮਲਸੀਆਂ ਰੋਡ ਰਾਹੀਂ ਹੁੰਦਾ ਹੋਇਆ ਸੁਸਾਇਟੀ ਦੇ ਦਫ਼ਤਰ ਵਿਖੇ ਸੰਪੰਨ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਲਈ ਸਮੂਹ ਜ਼ਮਹੂਰੀਅਤ ਪਸੰਦ ਜਥੇਬੰਦੀਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਦੇਸ਼ ਅੰਦਰ ਫ਼ਿਰਕਾਪ੍ਰਸਤੀ ਨੂੰ ਸ਼ਹਿ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਦੇ ਇਸ ਫ਼ਿਰਕੂ ਏਜੰਡੇ ਨੂੰ ਸਾਂਝੇ ਸੰਘਰਸ਼ ਨਾਲ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਮਸ਼ਾਲ ਮਾਰਚ ਵਿਚ ਸ਼ਾਮਿਲ ਆਗੂਆਂ ਵੱਲੋਂ ਸ਼ਹੀਦਾਂ ਦੀ ਸੋਚ ਨੂੰ ਬੁਲੰਦ ਕਰਦੇ ਅਤੇ ਸਰਕਾਰਾਂ ਦੀਆਂ ਸਾਮਰਾਜਵਾਦ ਪੱਖੀ ਨੀਤੀਆਂ ਖ਼ਿਲਾਫ਼ ਨਾਅਰੇ ਲਗਾਏ ਗਏ। ਇਸ ਮੌਕੇ ਜਿੰਦਰ ਬਾਗਪੁਰ, ਸੁਖਵਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਅਮਨ ਬਾਗਪੁਰ, ਡਾ. ਰੇਸ਼ਮ ਸਿੰਘ ਰੂਪੇਵਾਲੀ, ਗੁਰਦੇਵ ਸਿੰਘ ਨਵਾਂ ਕਿਲਾ, ਪਾਲ ਬਾਗਪੁਰ, ਡਾ. ਨਗਿੰਦਰ ਸਿੰਘ ਬਾਂਸਲ, ਸਤਨਾਮ ਸਿੰਘ ਨੀਟਾ, ਦਲਬਾਰਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਚਾਹਲ ,ਬਲਕਾਰ ਸਿੰਘ ਫਾਜ਼ਲਵਾਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਗੁਰਮੀਤ ਸਿੰਘ ਕੋਟਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਪ੍ਰਧਾਨ ਹਰਪਾਲ ਬਿੱਟੂ, ਸਕੱਤਰ ਸੁਖਜਿੰਦਰ ਲਾਲੀ, ਸੀ.ਪੀ.ਐੱਮ. ਦੇ ਆਗੂ ਕਾ. ਵਰਿੰਦਰ ਪਾਲ ਸਿੰਘ ਕਾਲਾ, ਹਰਨੇਕ ਸਿੰਘ ਮਾਲੜੀ, ਬਲਦੇਵ ਸਿੰਘ ਲਸੂੜੀ ਤੇ ਹੋਰ ਹਾਜ਼ਰ ਸਨ।