- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਰਜ਼ ਪ੍ਰਾਈਡ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਆਰਮਡ ਯੂਨਿਟ ਦਾ ਦੌਰਾ

ਪ੍ਰਿਤਪਾ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ਦੀ 21ਵੀਂ ਪੰਜਾਬ ਬਟਾਲੀਅਨ ਦੇ ਐਨਸੀਸੀ ਯੂਨਿਟ ਦੇ 26 ਕੈਡਿਟਾਂ ਵੱਲੋਂ ਕਪੂਰਥਲਾ ਕੈਂਟ ਵਿਖੇ ਆਰਮਡ ਯੂਨਿਟ ਦਾ ਵਿਸ਼ੇਸ਼ ਵਿਦਿਅਕ ਤੇ ਸਿਖਲਾਈ ਦੌਰਾ ਕੀਤਾ ਗਿਆ। ਇਸ ਦੌਰਾਨ ਕੈਡਿਟਾਂ ਨੂੰ 21ਵੀਂ ਪੰਜਾਬ ਬਟਾਲੀਅਨ ਕਪੂਰਥਲਾ ਦੇ ਫ਼ੌਜੀ ਅਧਿਕਾਰੀਆਂ ਦੀ ਦੇਖ-ਰੇਖ ਹੇਠ ਆਰਮਡ ਯੂਨਿਟ ਦੀ ਕਾਰਜਪ੍ਰਣਾਲੀ ਨਾਲ ਸਬੰਧਤ ਮਹੱਤਵਪੂਰਨ ਤਕਨੀਕੀ ਜਾਣਕਾਰੀ। ਇਸ ਮੌਕੇ ਕੈਡਿਟਾਂ ਦੇ ਨਾਲ ਸੈਕਿੰਡ ਅਫ਼ਸਰ ਸੌਰਵ ਡਢਵਾਲ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਕੈਡਿਟਾਂ ਨੂੰ ਪੂਰੇ ਅਨੁਸ਼ਾਸਨ, ਤਨਦੇਹੀ ਅਤੇ ਉਤਸ਼ਾਹ ਨਾਲ ਇਸ ਸਿਖਲਾਈ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਵਿਦਿਅਕ ਦੌਰੇ ਸਦਕਾ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਦੇ ਕੰਮਕਾਜ, ਅਨੁਸ਼ਾਸਨ, ਰੱਖਿਆ ਸਾਜ਼ੋ-ਸਾਮਾਨ ਅਤੇ ਸੈਨਿਕ ਜੀਵਨ ਦੀਆਂ ਬਾਰੀਕੀਆਂ ਨੂੰ ਨੇੜਿਓਂ ਵੇਖਣ ਤੇ ਸਮਝਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਰਜਨੀ ਬਾਲਾ ਤੇ ਚੇਅਰਪਰਸਨ ਅਰੁਣ ਜੱਸਲ ਵੱਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ ਕੈਡਿਟਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ।