- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਕਾਰੀ ਆਈਟੀਆਈ ਮੇਹਰ ਚੰਦ ਵਿਖੇ 27 ਨਵੇਂ ਐੱਨਸੀਸੀ ਕੈਡਟਸ ਦੀ ਚੋਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਆਈਟੀਆਈ ਮੇਹਰ ਚੰਦ ਵਿਖੇ 2 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਐੱਨਐੱਸ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਸਥਾ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਐੱਨਸੀਸੀ ’ਚ ਭਰਤੀ ਪ੍ਰਕਿਰਿਆ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ’ਚ ਐੱਨਸੀਸੀ ’ਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀ ਐੱਨਸੀਸੀ ਰਾਹੀਂ ਸ਼ਖ਼ਸੀਅਤ ਵਿਕਾਸ, ਅਨੁਸ਼ਾਸਨ, ਅਗਵਾਈ ਦੀ ਯੋਗਤਾ ਤੇ ਭਾਰਤੀ ਫੌਜ ’ਚ ਸਨਮਾਨਜਨਕ ਕਰੀਅਰ ਬਣਾਉਣ ਦੇ ਮੌਕਿਆਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। ਭਰਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸੰਸਥਾ ਦੇ ਐੱਨਸੀਸੀ ਇੰਚਾਰਜ ਏਐੱਨਓ ਕੁਲਦੀਪ ਸ਼ਰਮਾ ਤੇ ਨਾਇਬ ਸੂਬੇਦਾਰ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐੱਨਸੀਸੀ ਰਾਹੀਂ ਮਿਲਣ ਵਾਲੇ ਵੱਖ-ਵੱਖ ਮੌਕਿਆਂ ਤੇ ਲਾਭਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਅਨੁਸ਼ਾਸਨ, ਅਗਵਾਈ, ਚਰਿੱਤਰ ਨਿਰਮਾਣ ਤੇ ਦੇਸ਼ ਸੇਵਾ ਦੇ ਮਹੱਤਵ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਐੱਨਸੀਸੀ ਕੈਡਿਟ ਵਜੋਂ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਬਟਾਲੀਅਨ ਵੱਲੋਂ ਨਾਇਬ ਸੂਬੇਦਾਰ ਹਰਪ੍ਰੀਤ ਸਿੰਘ ਤੇ ਹੌਲਦਾਰ ਬਲਬੀਰ ਸਿੰਘ ਨੇ ਨਿਰਧਾਰਤ ਸਰੀਰਕ ਮਾਪਦੰਡਾਂ ਅਨੁਸਾਰ ਇਛੁੱਕ ਵਿਦਿਆਰਥੀਆਂ ਦੀ ਸਰੀਰਕ ਜਾਂਚ ਕੀਤੀ। ਵਿਦਿਆਰਥੀਆਂ ਦੀ ਦੌੜ ਤੇ ਪੁਸ਼-ਅੱਪ ਰਾਹੀਂ ਸਰੀਰਕ ਤੰਦਰੁਸਤੀ ਤੇ ਸਹਿਣਸ਼ਕਤੀ ਦੀ ਪਰਖ ਕੀਤੀ ਗਈ। ਇਸ ਤੋਂ ਇਲਾਵਾ ਚਾਹਵਾਨ ਵਿਦਿਆਰਥੀਆਂ ਦਾ ਲਿਖਤੀ ਦਾਖਲਾ ਟੈਸਟ ਵੀ ਲਿਆ ਗਿਆ। ਸਾਰੀਆਂ ਚੋਣ ਪ੍ਰਕਿਰਿਆਵਾਂ ਸਫਲਤਾਪੂਰਵਕ ਪੂਰੀਆਂ ਕਰਨ ਤੋਂ ਬਾਅਦ ਸੰਸਥਾ ਦੇ 27 ਵਿਦਿਆਰਥੀਆਂ ਦੀ ਐੱਨਸੀਸੀ ਕੈਡਿਟਾਂ ਵਜੋਂ ਭਰਤੀ ਲਈ ਚੋਣ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਵਿਕਰਮਜੀਤ ਸਿੰਘ ਦੇ ਹੁਕਮਾਂ ਅਨੁਸਾਰ ਕੀਤੀ ਗਈ ਇਸ ਸਮੁੱਚੀ ਭਰਤੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ’ਚ ਐੱਨਸੀਸੀ ਇੰਚਾਰਜ ਕੁਲਦੀਪ ਸ਼ਰਮਾ, ਟ੍ਰੇਨਿੰਗ ਅਫਸਰ ਪਰਗਟ ਸਿੰਘ ਤੇ ਅਮਨਦੀਪ ਇੰਸਟ੍ਰਕਟਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸੰਸਥਾ ਦੇ ਦੂਜੇ ਤੇ ਤੀਜੇ ਸਾਲ ਦੇ ਐੱਨਸੀਸੀ ਕੈਡਿਟਾਂ ਨੇ ਵੀ ਪੂਰੀ ਮੁਸ਼ਤੈਦੀ ਨਾਲ ਚੋਣ ਪ੍ਰਕਿਰਿਆ ’ਚ ਸਹਿਯੋਗ ਦਿੱਤਾ। 2 ਪੰਜਾਬ ਬਟਾਲੀਅਨ ਐੱਨਸੀਸੀ, ਜਲੰਧਰ ਦੇ ਕਮਾਂਡਿੰਗ ਅਫਸਰ ਕਰਨਲ ਐੱਨਐੱਸ ਚੀਮਾ ਨੇ 27 ਨਵੇਂ ਵਿਦਿਆਰਥੀਆਂ ਦੀ ਐੱਨਸੀਸੀ ਕੈਡਿਟਾਂ ਵਜੋਂ ਚੋਣ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਹ ਭਰਤੀ ਮੁਹਿੰਮ ਵਿਦਿਆਰਥੀਆਂ ’ਚ ਅਨੁਸ਼ਾਸਨ, ਅਗਵਾਈ ਦੀ ਭਾਵਨਾ ਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੇ ਉਦੇਸ਼ ਨਾਲ ਸਫਲਤਾਪੂਰਵਕ ਸੰਪੰਨ ਹੋਈ।