- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਲਾਰਿਆਂ ’ਚ ਉਲਝੀ ਲਿੰਕ ਸੜਕ ਤੋਂ ਲੰਘਣਾ ਹੋਇਆ ਔਖਾ

-ਲਿੰਕ ਸੜਕ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਬੀਤ ਚੁੱਕੇ ਪੰਜ ਸਾਲ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਵਿਧਾਨ ਸਭਾ ਹਲਕਾ ਨਕੋਦਰ ਦੇ ਅਧੀਨ ਪੈਂਦੇ ਪਿੰਡ ਕੰਗ ਸਾਹਿਬ ਰਾਏ ਤੋਂ ਕਸਬਾ ਮੱਲ੍ਹੀਆਂ ਕਲਾਂ ਤੱਕ ਕਰੀਬ ਢਾਈ ਕਿੱਲੋਮੀਟਰ ਸੜਕ ਦਾ ਟੋਟਾ ਸਰਕਾਰ ਦੀ ਅਣਗਹਿਲੀ ਤੇ ਸਰਕਾਰ ਦੇ ਲਾਰਿਆਂ ’ਚ ਉਲਝ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਇਸ ਲਿੰਕ ਸੜਕ ਦੇ ਬਣਨ ਲਈ ਨਕੋਦਰ-ਕਪੂਰਥਲਾ ਮੁੱਖ ਮਾਰਗ ਬਾਈਪਾਸ ਤੋਂ ਵਾਇਆ ਹਸੈਨਪੁਰ, ਹੇਰਾ, ਤਲਵੰਡੀ ਭਰੋਂ ਤੋਂ ਕੰਗ ਸਾਹਿਬ ਰਾਏ ਤੇ ਮੱਲ੍ਹੀਆਂ ਕਲਾਂ ਮੁੱਖ ਮਾਰਗ ਤੱਕ 14 ਕਿੱਲੋਮੀਟਰ ਦਾ ਟੋਟਾ ਬਣਨਾ ਤੈਅ ਹੋਇਆ ਸੀ ਪਰ ਇਹ ਸੜਕ ਤਲਵੰਡੀ ਭਰੋ ਤਕ ਤਾਂ ਬਣ ਗਈ ਪਰ ਉਸ ਤੋਂ ਬਾਅਦ ਇਸ ਨੂੰ ਉੱਗੀ ਨੂੰ ਮੋੜ ਦਿੱਤਾ ਗਿਆ ਜਦਕਿ ਕੰਗ ਸਾਹਿਬ ਰਾਏ ਤੇ ਮੱਲ੍ਹੀਆਂ ਕਲਾਂ ਤੱਕ ਅਣਗੌਲਿਆ ਕਰ ਦਿੱਤਾ ਗਿਆ, ਜਿਸ ਕਾਰਨ ਕੰਗ ਸਾਹਿਬ ਰਾਏ ਦੇ ਵਾਸੀਆਂ ’ਚ ਇਸ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ। 12 ਸਾਲ ਹੋ ਗਏ ਹਨ ਪਰ ਸਬੰਧਤ ਵਿਭਾਗ ਤੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਲੋਕ ਮਿਲਣੀ ਤਹਿਤ ਪਿੰਡ ਕੰਗ ਸਾਹਿਬ ਰਾਏ ਵਿਖੇ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਹ ਸੜਕ ਜਲਦੀ ਹੀ ਬਣਾ ਦਿੱਤੀ ਜਾਵੇਗੀ ਪਰ ਇਸ ਗੱਲ ਨੂੰ ਵੀ ਤਿੰਨ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ। ਇਸ ਉਪਰੰਤ 18 ਸਤੰਬਰ ਨੂੰ ਪਿੰਡ ਜਹਾਂਗੀਰ, ਫਾਜ਼ਲਪੁਰ ਲੋਕ ਮਿਲਣੀ ਵਿਖੇ ਵੀ ਨਗਰ ਪੰਚਾਇਤ ਕੰਗ ਸਾਹਿਬ ਰਾਏ ਤੇ ਪਤਵੰਤਿਆਂ ਦੇ ਨਾਲ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਵਾਅਦਾ ਕੀਤਾ ਸੀ ਕਿ ਇਕ ਹਫਤੇ ਤੱਕ ਇਸ ਨੂੰ ਬਣਾ ਦਿੱਤਾ ਜਾਵੇਗਾ ਪਰ ਇਸ ਗੱਲ ਨੂੰ ਵੀ ਇਕ ਮਹੀਨਾ ਬੀਤਣ ਲੱਗਾ ਹੈ। ਇਸ ਤੋਂ ਇਲਾਵਾ ਤਲਵੰਡੀ ਭਰੋ ਤੋਂ ਰਸੂਲਪੁਰ ਕਲਾਂ ਤੱਕ ਤੇ ਪਿੰਡ ਤਲਵੰਡੀ ਭਰੋ ਤੋਂ ਸਹਿਮ ਤੱਕ ਲਿੰਕ ਸੜਕ ਦਾ ਇਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ, ਜਿੱਥੋਂ ਨਿੱਤ ਦੇ ਰਾਹਗੀਰਾਂ ਨੂੰ ਲੰਘਣ ’ਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ ਤੇ ਲੋਕ ਆਪਣਾ ਰਸਤਾ ਬਦਲ ਰਹੇ ਹਨ। ਪਿੰਡ ਕੰਗ ਸਾਹਿਬ ਰਾਏ ਦੀ ਨਗਰ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਨੇ ਸਬੰਧਤ ਵਿਭਾਗ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਲਿੰਕ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਨਿੱਤ ਦੇ ਰਾਹਗੀਰਾਂ ਨੂੰ ਲੰਘਣ ’ਚ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।