- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਦੌਰ ਆ ਗਿਆ ਹੈ, ਇਸਦੇ ਬਾਵਜੂਦ ਪ੍ਰਿੰਟ ਮੀਡੀਆ ਅੱਜ ਵੀ ਇਕ ਦਸਤਾਵੇਜ਼ ਹੈ, ਜਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਸਹੀ ਤੇ ਪ੍ਰਮਾਣਿਤ ਸਮਝਿਆ ਜਾਂਦਾ ਹੈ।

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰੈੱਸ ਕਲੱਬ ਜਲੰਧਰ ’ਚ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਤੇ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਤਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਦੌਰ ਆ ਗਿਆ ਹੈ, ਇਸਦੇ ਬਾਵਜੂਦ ਪ੍ਰਿੰਟ ਮੀਡੀਆ ਅੱਜ ਵੀ ਇਕ ਦਸਤਾਵੇਜ਼ ਹੈ, ਜਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਸਹੀ ਤੇ ਪ੍ਰਮਾਣਿਤ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਨਾਲ ਜੁੜੇ ਪੱਤਰਕਾਰ ਦੀ ਇਕ ਜਵਾਬਦੇਹੀ ਹੁੰਦੀ ਹੈ। ਇਸ ਲਈ ਲੋਕਾਂ ’ਚ ਆਪਣਾ ਵਿਸ਼ਵਾਸ਼ ਬਣਾਈ ਰੱਖਣਾ ਜਰੂਰੀ ਹੈ, ਜੋ ਕਿ ਇਕ ਵੱਡੀ ਚੁਣੌਤੀ ਹੈ।
ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪੱਤਰਕਾਰ ਦਾ ਵਿਸ਼ਵਾਸ਼ ਖ਼ਤਮ ਹੋ ਜਾਵੇ, ਤਾਂ ਉਸ ਦੀ ਪੱਤਰਕਾਰਤਾ ਵੀ ਖ਼ਤਮ ਹੋ ਜਾਂਦੀ ਹੈ। ਅੱਜ ਦੇ ਏਆਈ ਤੇ ਡਿਜੀਟਲ ਯੁੱਗ ’ਚ ਜਦੋਂ ਹਰ ਨਾਗਰਿਕ ਸਮਾਰਟ ਫੋਨ ਦੇ ਜਰੀਏ ਪੱਤਰਕਾਰਤਾ ’ਚ ਆਪਣੀ ਭੂਮਿਕਾ ਨਿਭਾ ਰਿਹਾ ਹੈ ਉੱਥੇ ਹੀ ਪੇਸ਼ਵਾਰ ਪੱਤਰਕਾਰ ਆਪਣੀ ਭਰੋਸੇਯੋਗਤਾ, ਵਿਸ਼ਵਾਸ ਨੋ ਕਾਇਮ ਰੱਖ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਦੇ ਹਨ।
ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਬੁਲਾਰੇ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ’ਚ ਜਿੱਥੇ ਪੱਤਰਕਾਰਤਾ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ, ਉੱਥੇ ਉਨ੍ਹਾਂ ਸਮੇਂ-ਸਮੇਂ ’ਤੇ ਪੱਤਰਕਾਰੀ ਨੂੰ ਜਿਨ੍ਹਾਂ ਚੁਣੌਤੀਆਂ ਨਾਲ ਜੁਝਣਾ ਪਿਆ, ਉਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਮਾਣਕ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਐਮਰਜੈਂਸੀ ਤੱਕ ਹੀ ਪ੍ਰੈੱਸ ਆਜ਼ਾਦਾਨਾ ਤੇ ਦਬਾਅ ਰਹਿਤ ਭੂਮਿਕਾ ਨਿਭਾਅ ਸਕੀ ਹੈ। ਐਮਰਜੈਂਸੀ ਦੌਰਾਨ ਮੀਡੀਆ ਨੂੰ ਆਪਣੇ ਅਨੁਸਾਰ ਚਲਾਉਣ, ਪੱਤਰਕਾਰਾਂ ਨੂੰ ਜ਼ੇਲ੍ਹਾਂ ’ਚ ਸੁੱਟਣ ਤੇ ਸੂਚਨਾਵਾਂ ਨੂੰ ਸੈਂਸਰ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ ਅੱਜ ਤੱਕ ਵੱਖ-ਵੱਖ ਢੰਗਾਂ ਨਾਲ ਲਾਗੂ ਹੋ ਰਹੀ ਹੈ। ਉਨਾਂ ਕਿਹਾ ਕਿ ਪੱਤਰਕਾਰਤਾ ਹਮੇਸ਼ਾਂ ਚੁਣੌਤੀ ਪੂਰਨ ਕਿੱਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਨੂੰ ਉਜਾਗਰ ਕਰਦੇ ਰਹਿਣਾ ਤੇ ਸਮਾਜ ਨੂੰ ਸੇਧ ਦੇਣਾ ਪੱਤਰਕਾਰ ਦੀ ਜ਼ਿੰਮੇਵਾਰੀ ਹੈ।
ਜਸਪ੍ਰੀਤ ਸਿੰਘ ਸੈਣੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੱਤਰਕਾਰਤਾ ਲਈ ਸਮਾਂ, ਸਮਾਜ ਤੇ ਸਿੱਖਿਆ ਬਹੁਤ ਮਹੱਤਤਾ ਰੱਖਦੇ ਹਨ। ਇਸ ਲਈ ਪੱਤਰਕਾਰ ਵੱਲੋਂ ਸਮੇਂ ’ਤੇ ਜਾਣਕਾਰੀ ਇਕੱਠੀ ਕਰਨੀ ਤੇ ਸਮੇਂ ਅੰਦਰ ਹੀ ਪ੍ਰਕਾਸ਼ਿਤ ਕਰਨ ਲਈ ਭੇਜਣੀ ਜਿੱਥੇ ਬਹੁਤ ਜ਼ਰੂਰੀ ਹੈ, ਉੱਥੇ ਭੇਜੀ ਗਈ ਜਾਣਕਾਰੀ ’ਚ ਸਮਾਜ ਨੂੰ ਜਾਗਰੂਕ ਕਰਨ ਲਈ ਸੁਨੇਹਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ। ਸੈਣੀ ਨੇ ਕਿਹਾ ਕਿ ਇਸ ਸਭ ਲਈ ਪੱਤਰਕਾਰ ਨੂੰ ਸਿੱਖਿਅਤ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਲੋਕਾਂ ਤੱਕ ਪਹੁੰਚਾਈ ਗਈ ਜਾਣਕਾਰੀ ਸਟੀਕ ਹੋਵੇ। ਉਸਦੇ ਸ਼ਬਦਾਂ ਦੀ ਚੋਣ ਸਹੀ ਹੋਵੇ, ਜੋ ਸਮਾਜ ਨੂੰ ਚੰਗਾ ਸੁਨੇਹਾ ਦੇਵੇ। ਵੈੱਬਸਾਈਟ ਚਲਾ ਰਹੇ ਤਜਰਬੇਕਾਰ ਪੱਤਰਕਾਰ ਐੱਚਐੱਸ ਬਾਵਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਹੀ ਪੱਤਰਕਾਰ ਨੂੰ ਹਮੇਸ਼ਾਂ ਚਿੰਤਾ ਹੁੰਦੀ ਹੈ, ਕਿ ਉਸ ਦੀ ਚਾਦਰ ਹਮੇਸ਼ਾਂ ਬੇਦਾਗ਼ ਰਹੇ।
ਉਨ੍ਹਾਂ ਕਿਹਾ ਕਿ ਪੱਤਰਕਾਰ ਨਿੱਤ ਨਵੀਂ ਮੁਹਿੰਮ ’ਤੇ ਹੁੰਦਾ ਹੈ, ਇਸ ਲਈ ਉਸ ਨੂੰ ਰੋਜ਼ਾਨਾ ਨਵੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਾਵਾ ਨੇ ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਆਰਐੱਨ ਸਿੰਘ ਨੂੰ ਵੀ ਆਪਣੇ ਸ਼ਬਦਾਂ ’ਚ ਸ਼ਰਧਾਂਜਲੀ ਦਿੱਤੀ। ਸਾਬਕਾ ਸੀਨੀਅਰ ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਨੀ ਮਰਜ਼ੀ ਸਮਝ ਜਾਂ ਸੂਝ ਰੱਖਣ ਦੇ ਬਾਵਜੂਦ ਪੱਤਰਕਾਰ ਨੂੰ ਆਪਣੇ ਅਦਾਰੇ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਵੀ ਪੱਤਰਕਾਰੀ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਮੀਤ ਸਿੰਘ ਦੇਸ਼ ਭਗਤ ਯਾਦਗਰ ਹਾਲ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਸਮਾਜ ਨੂੰ ਉਸ ਦਾ ਅਸਲੀ ਚਿਹਰਾ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਅਜਿਹੇ ਡਾਕਟਰ ਹਨ ਜੋ ਬਿਨਾ ਫੀਸ ਲਏ ਸਮਾਜ ਦਾ ਇਲਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਮ ਕਰਦੇ ਆਪਣੀਆਂ ਨਿੱਜੀ ਚੁਣੌਤੀਆਂ ਨੂੰ ਇਕ ਤਰਫ਼ ਰੱਖ ਕੇ ਮਿਸ਼ਨਰੀ ਪੱਤਰਕਾਰ ਬਣਨਾ ਚਾਹੀਦਾ ਹੈ। ਇਸ ਮੌਕੇ ਸੁਖਵਿੰਦਰ ਸੁੱਖੀ ਨੇ ਆਕਾਸ਼ਵਾਣੀ ਦੀ ਅਹਿਮੀਅਤ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਿੰਪਲ ਜਦੋਂ ਐਮਰਜੈਂਸੀ ਵਰਗੇ ਹਾਲਾਤਾਂ ’ਚ ਪ੍ਰਿੰਟ ਜਾਂ ਇਲੈਕਟਰੋਨਿਕ ਮੀਡੀਆ ਕੋਈ ਵੀ ਜਾਣਕਾਰੀ ਦੇਰੀ ਨਾਲ ਪਹੁੰਚਦਾ ਹੈ, ਉਦੋਂ ਆਕਾਸ਼ਵਾਣੀ ਅਹਿਮ ਰੋਲ ਅਦਾ ਕਰਕੇ ਫੌਰੀ ਤੌਰ ’ਤੇ ਪੁਖਤਾ ਜਾਣਕਾਰੀ ਜਨਤਾ ਨੂੰ ਦਿੰਦਾ ਸੀ ਜਿਸ ਨਾਲ ਹਾਲਾਤ ਸੁਖਾਵੇਂ ਬਣੇ ਰਹਿੰਦੇ ਸਨ।
ਅੱਜ ਵੀ ਭਾਵੇਂ ਸੋਸ਼ਲ ਮੀਡੀਆ ਦਾ ਯੁਗ ਆ ਗਿਆ ਹੈ ਪਰ ਆਕਾਸ਼ਵਾਣੀ ਅਜੇ ਵੀ ਆਪਣੀ ਅਹਿਮੀਅਤ ਬਰਕਰਾਰ ਰੱਖਣ ’ਚ ਕਾਮਯਾਬ ਹੈ। ਇਸ ਮੌਕੇ ਤੀਰਥ ਸਿੰਘ ਢਿੱਲੋਂ, ਕੁਲਵਿੰਦਰ ਕੌਰ ਤੇ ਪ੍ਰੋਫੈਸਰ ਨਿਧੀ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਸੈਮੀਨਾਰ ਦੌਰਾਨ ਪੱਤਰਕਾਰੀ ਨੂੰ ਸਮਰਪਿਤ ਨਾਮਵਰ ਪੱਤਰਕਾਰਾਂ ਐੱਚਐੱਸ ਬਾਵਾ (ਯੈੱਸ ਪੰਜਾਬ), ਕੁਲਦੀਪ ਸਿੰਘ ਬੇਦੀ (ਜਗਬਾਣੀ), ਗੁਰਮੀਤ ਸਿੰਘ (ਨਵਾਂ ਜ਼ਮਾਨਾ), ਸੁਖਵਿੰਦਰ ਸੁੱਖੀ (ਅਕਾਸ਼ਵਾਣੀ), ਤੀਰਥ ਸਿੰਘ ਢਿੱਲੋਂ (ਦੂਰਦਰਸ਼ਨ), ਕੁਲਬਿੰਦਰ ਕੌਰ (ਅਜੀਤ) ਤੇ ਦਵਿੰਦਰ ਸਿੰਘ ਭੰਗੂ (ਪੰਜਾਬੀ ਟ੍ਰਿਬਿਊਨ) ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਜਿੱਥੇ ਇਸ ’ਚ ਸੀਨੀਅਰ ਪੱਤਰਕਾਰਾਂ ਨੇ ਭਾਗ ਲਿਆ, ਉੱਥੇ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਮਾਹਿਰਾਂ ਦੇ ਨਾਲ ਸਵਾਲ-ਜਵਾਬ ਕਰਕੇ ਆਪਣੇ ਗਿਆਨ ’ਚ ਵਾਧਾ ਕੀਤਾ। ਸਮਾਗਮ ਦੀ ਸ਼ੁਰੂਆਤ ਕਵਰੇਜ ਦੌਰਾਨ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਰੰਗਪੁਰੀ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰਤਾ ਹਮੇਸ਼ਾ ਹੀ ਚੁਣੌਤੀਪੂਰਨ ਰਹੀ ਹੈ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਆਵਾਜ਼ ਦਬਾਉਣ ’ਚ ਲੱਗੀਆਂ ਰਹਿੰਦੀਆਂ ਹਨ। ਉੱਥੇ ਸਮਾਜ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਆ ਆਪਣੀਆਂ ਜਿੰਮੇਵਾਰੀਆਂ ਨੂੰ ਸਮਾਜ ਲਈ ਬਾਖੂਬੀ ਨਿਭਾਉਂਦਾ ਆਇਆ ਹੈ ਅਤੇ ਨਿਭਾ ਰਿਹਾ ਹੈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਤੇਜਿੰਦਰ ਕੌਰ ਥਿੰਦ, ਸੰਯੁਕਤ ਸਕੱਤਰ ਸੁਕਰਾਂਤ ਸਫ਼ਰੀ, ਜਨਰਲ ਮੈਨੇਜਰ ਜਤਿੰਦਰਪਾਲ ਸਿੰਘ, ਜਸਵਿੰਦਰ ਕੌਰ, ਅਮਰਜੀਤ ਕੌਰ ਅਤੇ ਹੋਰ ਹਾਜ਼ਰ ਸਨ।