24 ਘੰਟਿਆਂ ’ਚ ਨਸ਼ੇ ’ਚ ਟੱਲੀ ਦੂਜੇ ਪੁਲਿਸ ਮੁਲਾਜ਼ਮ ਵਿਰੁੱਧ ਕਰਵਾਈ 24 ਘੰਟਿਆਂ ’ਚ ਨਸ਼ੇ ’ਚ ਟੱਲੀ ਦੂਸਰੇ ਪੁਲਿਸ ਮੁਲਾਜ਼ਮ ਵਿਰੁੱਧ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਰਾਸ਼ਟਰੀ ਪ੍ਰਧਾਨ ਨੇ ਕਰਵਾਈ ਕਾਰਵਾਈ
Publish Date: Fri, 03 Jul 2026 09:11 PM (IST)
Updated Date: Fri, 03 Jul 2026 09:14 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੀ ਰਾਤ ਵਰਕਸ਼ਾਪ ਚੌਂਕ ਤੋਂ ਮਕਸੂਦਾਂ ਨਸ਼ੇ ’ਚ ਟੱਲੀ ਪੁਲਿਸ ਮੁਲਾਜ਼ਮ ਨੂੰ ਸਬਕ ਸਿਖਾਉਣ ਲਈ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਉਸਦਾ ਪਿੱਛਾ ਕਰਕੇ ਉਸ ਨੂੰ ਥਾਣਾ ਮਕਸੂਦਾਂ ਦੇ ਸਾਹਮਣੇ ਆ ਕੇ ਰੋਕ ਕੇ ਥਾਣਾ ਮਕਸੂਦਾਂ ਦੀ ਪੁਲਿਸ ਦੇ ਹਵਾਲੇ ਕੀਤਾ ਅਤੇ ਏਡੀਸੀਪੀ ਟ੍ਰੈਫਿਕ ਨੂੰ ਤੁਰੰਤ ਸੂਚਿਤ ਕਰਕੇ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ। ਆਰਤੀ ਰਾਜਪੂਤ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ ਆਪਣੇ ਘਰ ਜਾਣ ਲਈ ਮਕਸੂਦਾਂ ਵੱਲ ਆ ਰਹੀ ਸੀ ਤਾਂ ਉਸ ਦੇ ਅੱਗੇ ਜਾ ਰਹੇ ਨਸ਼ੇ ’ਚ ਟੱਲੀ ਪੁਲਿਸ ਮੁਲਾਜ਼ਮ ਦੀ ਕਾਰ ਰਸਤੇ ’ਚ ਸੜਕ ’ਤੇ ਇੱਧਰ-ਉੱਧਰ ਡੋਲਦੀ ਰਹੀ। ਇਸ ਦੌਰਾਨ ਉਹ ਕਈ ਲੋਕਾਂ ਨੂੰ ਟੱਕਰ ਮਾਰਨ ਲੱਗਾ ਸੀ ਪਰ ਖੁਸ਼ਕਿਸਮਤੀ ਨਾਲ ਹਰ ਵਾਰ ਬਚਾਅ ਹੁੰਦਾ ਰਿਹਾ। ਇਥੋਂ ਤੱਕ ਕਿ ਮੁਲਾਜ਼ਮ ਦੀ ਕਾਰ ਗੰਦੇ ਨਾਲੇ ’ਚ ਵੀ ਡਿਗਣ ਲੱਗੀ ਸੀ। ਉਸਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਕਾਰ ਅੱਗੇ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ ’ਚ ਟੱਲੀ ਪੁਲਿਸ ਮੁਲਾਜ਼ਮ ਵੱਲੋਂ ਉਸ ਦੀ ਕਾਰ ਨੂੰ ਵੀ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸੂਝਬੂਝ ਨਾਲ ਆਪਣੀ ਕਾਰ ਦਾ ਬਚਾਅ ਕਰਕੇ ਅੱਗੇ ਜਾ ਕੇ ਥਾਣਾ ਮਕਸੂਦਾਂ ਦੇ ਬਿਲਕੁਲ ਸਾਹਮਣੇ ਉਸ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਰੋਕ ਲਿਆ। ਉਸਨੇ ਦੱਸਿਆ ਕਿ ਉਸ ਨੇ ਤੁਰੰਤ ਥਾਣਾ ਮਕਸੂਦਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ ’ਤੇ ਬੁਲਾਇਆ ਤੇ ਕਾਰਵਾਈ ਕਰਵਾਉਣ ਲਈ ਏਡੀਸੀਪੀ ਟ੍ਰੈਫਿਕ ਨੂੰ ਜਾਣਕਾਰੀ ਦਿੱਤੀ ਅਤੇ ਵੀਡੀਓ ਬਣਾ ਕੇ ਵੀ ਉਨ੍ਹਾਂ ਨੂੰ ਦਿੱਤੀ ਗਈ। ਆਰਤੀ ਰਾਜਪੂਤ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਜਤਿੰਦਰ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਜਿਸ ਨੂੰ ਰੋਕਣ ’ਤੇ ਉਸ ਵੱਲੋਂ ਸੜਕ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਮੌਕੇ ’ਤੇ ਉਨ੍ਹਾਂ ਨੂੰ ਚਲਾਨ ਜਾਰੀ ਕਰਨ ਅਤੇ ਉਸਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਵਰਦੀਧਾਰੀ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਸ਼ਰਾਬ ਪੀ ਕੇ ਕਾਰ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਅੱਜ ਪੁਲਿਸ ਕਮਿਸ਼ਨਰ ਵਲੋਂ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਕੇ ਉਸਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ 24 ਘੰਟਿਆਂ ’ਚ ਦੂਜੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਹੈ। ਉਸ ਵਲੋਂ ਪਹਿਲਾਂ ਬੀਤੇ ਦਿਨੀਂ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਬਾਹਰ ਨੋ-ਐਂਟਰੀ ਜ਼ੋਨ ’ਚ ਹੈਵੀ ਵਾਹਨਾ ਨੂੰ ਦਾਖਲ ਹੋਣ ਲਈ ਪੁਲਿਸ ਮੁਲਾਜ਼ਮ ਵੱਲੋਂ ਲਈ ਗਈ ਰਿਸ਼ਵਤ ਸਬੰਧੀ ਵੀ ਵੀਡੀਓ ਬਣਾ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।