ਸਕੂਲ ਬੱਸ ਹਾਦਸੇ 'ਚ ਵੱਡਾ ਬਚਾਅ, ਓਵਰਸਪੀਡ ਨਿੱਜੀ ਸਕੂਲ ਬੱਸ ਸੋਲਰ ਪਲਾਂਟ 'ਚ ਜਾ ਵੜੀ; 25 ਬੱਚਿਆਂ ਦੀ ਵਾਲ-ਵਾਲ ਬਚੀ ਜਾਨ ਨਜ਼ਦੀਕੀ ਪਿੰਡ ਢੰਡਵਾੜ ਗੇਟ ਕੋਲ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਓਵਰਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਮੋਟਰ ’ਤੇ ਲੱਗੇ ਸੋਲਰ ਪਲਾਂਟ ਵਿੱਚ ਜਾ ਵੜੀ। ਬੱਸ ਵਿੱਚ ਤਕਰੀਬਨ 25 ਸਕੂਲੀ ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
Publish Date: Fri, 30 Oct 2026 12:18 PM (IST)
Updated Date: Fri, 30 Oct 2026 12:19 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਢੰਡਵਾੜ ਗੇਟ ਕੋਲ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਓਵਰਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਮੋਟਰ ’ਤੇ ਲੱਗੇ ਸੋਲਰ ਪਲਾਂਟ ਵਿੱਚ ਜਾ ਵੜੀ। ਬੱਸ ਵਿੱਚ ਤਕਰੀਬਨ 25 ਸਕੂਲੀ ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਰਾਹਗੀਰਾਂ ਅਤੇ ਲੋਕਾਂ ਨੇ ਦੱਸਿਆ ਕਿ ਬੱਸ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਬੱਸ ਚਾਲਕ ਰਮਨਦੀਪ ਸਿੰਘ ਪੁੱਤਰ ਤੀਰਥ ਚੰਦ ਨੇ ਦੱਸਿਆ ਕਿ ਬੱਸ ਦੀਆਂ ਬਰੇਕਾਂ ਨਹੀਂ ਲੱਗੀਆਂ, ਜਿਸ ਕਾਰਨ ਬੱਸ ਸੋਲਰ ਪਲਾਂਟ ਵਿੱਚ ਜਾ ਵੜੀ। ਉਸ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ’ਤੇ ਪਹੁੰਚਿਆ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਬੱਸ ਨੂੰ ਸੋਲਰ ਪਲਾਂਟ ਹੇਠੋਂ ਬਾਹਰ ਕੱਢਿਆ ਗਿਆ ਉਸੇ ਹੀ ਬੱਸ ਦੀਆਂ ਖਿੱਚ ਖਿੱਚ ਕੇ ਬਰੇਕਾਂ ਮਾਰੀਆਂ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬੱਸ ਚਾਲਕ ਕੋਲ ਮੌਕੇ ’ਤੇ ਡਰਾਈਵਿੰਗ ਲਾਇਸੈਂਸ ਮੌਜੂਦ ਨਹੀਂ ਸੀ।
ਇਸ ਮੌਕੇ ਹਰਕੀਤ ਸਿੰਘ ਢੰਡਵਾੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਜਿਨ੍ਹਾਂ ਬੱਸਾਂ ਦੇ ਕਾਗਜ਼ਾਤ ਅਧੂਰੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਾਦਸੇ ਦੌਰਾਨ ਮੋਟਰ ਮਾਲਕ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਵਾਈ ਜਾਵੇ। ਇਸ ਸਬੰਧੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਬੱਸ ਚਾਲਕ ਤੋਂ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲ ਮੌਕੇ ’ਤੇ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।