ਸੀਵਰੇਜ ਦੇ ਪਾਣੀ ਕਾਰਨ ਜਿਊਣਾ ਹੋਇਆ ਦੁੱਭਰ ਨਕੋਦਰ: ਸ਼ੰਕਰ ਰੋਡ 'ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਨਵੀਂ ਬਣੀ ਸੜਕ ਹੋਈ ਬਦਹਾਲ, ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਡਰ
Publish Date: Mon, 24 Aug 2026 10:53 PM (IST)
Updated Date: Mon, 24 Aug 2026 10:54 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਸ਼ਹਿਰ ਦੇ ਸ਼ੰਕਰ ਰੋਡ ਸਥਿਤ ਬੱਸ ਸਟੈਂਡ ਦੀ ਪਿਛਲੀ ਸਾਈਡ, ਗਊਸ਼ਾਲਾ ਗੇਟ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਲਗਾਤਾਰ ਓਵਰਫਲੋਅ ਹੋ ਰਿਹਾ ਹੈ। ਸੜਕ ਤੇ ਪਾਣੀ ਖੜ੍ਹਾ ਰਹਿਣ ਕਾਰਨ ਸਥਾਨਕ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਬਣੀ ਨਵੀਂ ਸੜਕ ਕਿਨਾਰਿਆਂ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਢੁੱਕਵਾਂ ਹੱਲ ਨਾ ਕੀਤਾ ਗਿਆ ਤਾਂ ਇਹ ਸੜਕ ਪਾਣੀ ਦੀ ਮਾਰ ਹੇਠ ਆ ਕੇ ਪੂਰੀ ਤਰ੍ਹਾਂ ਖੱਡਿਆਂ ’ਚ ਤਬਦੀਲ ਹੋ ਜਾਵੇਗੀ। ਇਸੇ ਥਾਂ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਪ੍ਰਸਿੱਧ ਹਨੂੰਮਾਨ ਮੰਦਰ, ਗਊਸ਼ਾਲਾ, ਬੱਸ ਸਟੈਂਡ ਦਾ ਪਿਛਲਾ ਗੇਟ, ਮੁੱਖ ਬਾਜ਼ਾਰ, ਬੈਂਕ ਤੇ ਕਰੀਬ ਅੱਧਾ ਦਰਜਨ ਸਕੂਲ, ਕਾਲਜ ਤੇ ਕੋਚਿੰਗ ਸੰਸਥਾਵਾਂ ਮੌਜੂਦ ਹਨ। ਹਰ ਰੋਜ਼ ਸੈਂਕੜੇ ਸ਼ਰਧਾਲੂ, ਯਾਤਰੀ ਤੇ ਹਜ਼ਾਰਾਂ ਵਿਦਿਆਰਥੀ ਇਸੇ ਰਸਤੇ ਤੋਂ ਆਉਂਦੇ-ਜਾਂਦੇ ਹਨ। ਸੜਕ ਤੇ ਭਰੇ ਗੰਦੇ ਪਾਣੀ ’ਚੋਂ ਜਦੋਂ ਵਾਹਨ ਤੇਜ਼ ਰਫ਼ਤਾਰ ਨਾਲ ਲੰਘਦੇ ਹਨ, ਤਾਂ ਪੈਦਲ ਜਾ ਰਹੇ ਲੋਕਾਂ ਤੇ ਸਕੂਲੀ ਬੱਚਿਆਂ ਤੇ ਗੰਦੇ ਪਾਣੀ ਦੇ ਛਿੱਟੇ ਪੈਂਦੇ ਹਨ। ਦੁਕਾਨਦਾਰਾਂ ਦਾ ਦੁਕਾਨਾਂ ਤੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਗਰਮੀ ਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਪਾਣੀ ’ਚ ਹਰ ਵੇਲੇ ਮੱਖੀਆਂ ਤੇ ਮੱਛਰ ਪਨਪ ਰਹੇ ਹਨ, ਜਿਸ ਨਾਲ ਇਲਾਕੇ ’ਚ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤ ਕਰਨ ਤੇ ਸੀਵਰੇਜ ਮੁਲਾਜ਼ਮ ਸਿਰਫ਼ ਖ਼ਾਨਾਪੂਰਤੀ ਕਰਦੇ ਹੋਏ ਕੁਝ ਦਿਨਾਂ ਲਈ ਆਰਜ਼ੀ ਹੱਲ ਕੱਢ ਕੇ ਚਲੇ ਜਾਂਦੇ ਹਨ ਤੇ ਕੁਝ ਦਿਨਾਂ ਬਾਅਦ ਫਿਰ ਉਹੀ ਨਰਕੀ ਹਾਲਾਤ ਬਣ ਜਾਂਦੇ ਹਨ। ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਤੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੀਵਰੇਜ ਸਮੱਸਿਆ ਦਾ ਪੱਕਾ ਤੇ ਠੋਸ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਰੋਜ਼-ਰੋਜ਼ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।