ਸਹੀ ਢੰਗ ਨਾਲ ਸੜਕ ਨਿਰਮਾਣ ਨਹੀਂ ਹੋਣ ’ਤੇ ਲੋਕਾਂ ’ਚ ਰੋਸ
ਨਕੋਦਰ ’ਚ ਸੜਕ ਨਿਰਮਾਣ ’ਚ ਕਥਿਤ ਵੱਡੀ ਲਾਪਰਵਾਹੀ
Publish Date: Wed, 23 Sep 2026 09:57 PM (IST)
Updated Date: Wed, 23 Sep 2026 10:00 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ: ਸ਼ੰਕਰ ਚੌਕ ਬਾਈਪਾਸ ’ਤੇ ਚੱਲ ਰਹੇ ਸੜਕ ਨਿਰਮਾਣ ਨੂੰ ਲੈ ਕੇ ਠੇਕੇਦਾਰ ਦੀ ਕਥਿਤ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸੜਕ ਦੀ ਸਤ੍ਹਾ ਤੋਂ ਧੂੜ-ਮਿੱਟੀ ਦੀ ਸਹੀ ਤਰੀਕੇ ਨਾਲ ਸਫ਼ਾਈ ਕੀਤੇ ਬਿਨਾਂ ਹੀ ਉਸ ਉੱਪਰ ਪ੍ਰੀਮਿਕਸ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹ ਦੇਖ ਕੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮੌਕੇ ’ਤੇ ਵਿਰੋਧ ਜਤਾਇਆ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਅਤੇ ਕੌਂਸਲਰ ਮਨੀ ਮਹਿੰਦਰੂ ਹੋਰ ਸਥਾਨਕ ਆਗੂਆਂ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਤੋਂ ਬਾਅਦ ਕੰਮ ਤੁਰੰਤ ਰੁਕਵਾ ਦਿੱਤਾ ਗਿਆ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਜੇਕਰ ਨਿਰਮਾਣ ਕਾਰਜ ਇਸੇ ਤਰੀਕੇ ਨਾਲ ਕੀਤਾ ਗਿਆ ਤਾਂ ਸੜਕ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਰਕਾਰੀ ਫੰਡ ਦੀ ਬਰਬਾਦੀ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਸੜਕ ਦੀ ਪੂਰੀ ਸਫ਼ਾਈ ਅਤੇ ਲੋੜੀਂਦੀ ਤਿਆਰੀ ਕਰਵਾਈ ਜਾਵੇ, ਇਸ ਤੋਂ ਬਾਅਦ ਹੀ ਤਕਨੀਕੀ ਮਾਪਦੰਡਾਂ ਅਨੁਸਾਰ ਪ੍ਰੀਮਿਕਸ ਵਿਛਾਇਆ ਜਾਵੇ।