- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਔਰਤ ਦੀ ਮੌਤ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੈਸ਼ਨਲ ਹਾਈਵੇ ’ਤੇ ਗੁਰਾਇਆ ਤੋਂ ਫਿਲੌਰ ਵੱਲ ਜਾਂਦੇ ਰਸਤੇ ’ਤੇ ਤਾਊ ਢਾਬੇ ਨੇੜੇ ਸਵਿਫਟ ਡਿਜ਼ਾਇਰ ਕਾਰ ਤੇ ਟਿੱਪਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਐੱਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਹਾਦਸੇ ਦੌਰਾਨ ਕਾਰ ’ਚ ਚਾਲਕ ਤੇ ਇਕ ਬਜ਼ੁਰਗ ਔਰਤ ਸਵਾਰ ਸਨ। ਐੱਸਐੱਸਐੱਫ ਟੀਮ ਵੱਲੋਂ ਦੋਵਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਹਸਪਤਾਲ ’ਚ ਡਾਕਟਰਾਂ ਨੇ ਔਰਤ ਹਰਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਸਹਾਰਨ ਮਾਜਰਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਕਾਰ ਚਾਲਕ ਜਸਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸਹਾਰਨ ਮਾਜਰਾ ਦਾ ਇਲਾਜ ਕੀਤਾ ਗਿਆ। ਜਦਕਿ ਟਿੱਪਰ ਡਰਾਈਵਰ ਦੀ ਪਛਾਣ ਗੁਰਨੇਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡਗਾਰਾ ਵਜੋਂ ਹੋਈ ਹੈ।