- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਪੁਰਬ ਨੂੰ ਸਮਰਪਿਤ ਬਰਾਤ ਰੂਪੀ ਨਗਰ ਕੀਰਤਨ ਸਜਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਗੁਰਦੁਆਰਾ ਹਰੀ-ਕੀਰਤ ਸਾਧ-ਸੰਗਤ ਤੇ ਨਿਹੰਗ ਸਿੰਘ ਸਭਾ, ਬਸਤੀ ਸ਼ੇਖ ਦੇ ਸਹਿਯੋਗ ਨਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ’ਚ ਅਰਦਾਸ ਕਰਨ ਉਪਰੰਤ ਹੋਈ। ਫੁੱਲਾਂ ਦੀ ਵਰਖਾ ਤੇ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਦਰਮਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਗੁਰਦੁਆਰਾ ਸਾਹਿਬ ਤੋਂ 'ਪਾਲਕੀ ਸਾਹਿਬ' ਤੱਕ ਲਿਜਾਇਆ ਗਿਆ ਤੇ ਉੱਥੇ ਪੂਰੇ ਸਤਿਕਾਰ ਨਾਲ ਸੁਸ਼ੋਭਿਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਸ ਨਗਰ ਕੀਰਤਨ ’ਚ ਵਿਸ਼ੇਸ਼ ਤੇ ਆਕਰਸ਼ਕ ਢੰਗ ਨਾਲ ਸਜਾਇਆ ਗਿਆ। ਜਿਸ ’ਚ ਘੋੜਾ ਖਿੱਚ ਦਾ ਕੇਂਦਰ ਰਿਹਾ। ਸ਼ਰਧਾਲੂਆਂ ਨੇ ਭੈਣਾਂ ਦੇ ਰੂਪ ’ਚ ਸ਼ਾਮਲ ਹੋ ਕੇ ਘੋੜੇ ਦੀਆਂ ਵਾਗਾਂ ਨੂੰ ਗੁੰਦ ਕੇ ਧਾਰਮਿਕ ਸ਼ਰਧਾ ਤੇ ਆਸਥਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਿਹੰਗ ਸਿੰਘ ਸਭਾ ਨਿਵਾਸ, ਗੁਰਦੁਆਰਾ ਚਰਨ ਕੰਵਲ ਤੇ ਵੱਡਾ ਬਾਜ਼ਾਰ ’ਚੋਂ ਹੁੰਦਾ ਹੋਇਆ ਬਸਤੀ ਸ਼ੇਖ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪਹੁੰਚਿਆ। ਉੱਥੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਜਗਜੀਤ ਸਿੰਘ ਤੇ ਗੁਰਜੀਤ ਸਿੰਘ ਪੋਪਲੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ 'ਪੰਜ ਪਿਆਰਿਆਂ' ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਨਗਰ ਕੀਰਤਨ ਕਾਲਾ ਸੰਘਿਆਂ ਰੋਡ, ਘਾਹ ਮੰਡੀ ਚੌਕ, ਮੁਹੱਲਾ ਕੋਟ, ਨਿਹੰਗ ਨਿਵਾਸ ਤੇ ਬਸਤੀ ਸ਼ੇਖ ਦੇ ਵੱਖ-ਵੱਖ ਇਲਾਕਿਆਂ ’ਚੋਂ ਲੰਘਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ, ਵੱਖ-ਵੱਖ 'ਸ਼ਬਦ ਜਥਿਆਂ' ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕੀਤੀ। ਨਗਰ ਕੀਰਤਨ ਦੀ ਸਮਾਪਤੀ 'ਤੇ ਮੁੱਖ ਸੇਵਾਦਾਰ ਜਥੇਦਾਰ ਕੁਲਵੰਤ ਸਿੰਘ ਨਿਹੰਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਪੁਰਬ ਦੀ ਵਧਾਈ ਦਿੱਤੀ ਤੇ ਸਾਰੇ ਸ਼ਰਧਾਲੂਆਂ, ਸੇਵਾਦਾਰਾਂ ਤੇ ਸੰਗਤ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਰਨਵੀਰ ਸਿੰਘ ਨਿਹੰਗ, ਅਮਰਜੀਤ ਸਿੰਘ ਨਿਹੰਗ, ਜਸਪਾਲ ਸਿੰਘ ਜੁਨੇਜਾ, ਜਸਵੰਤ ਸਿੰਘ ਖਸਾਰੀਆ, ਰਾਜਕੁਮਾਰ ਰਾਜੂ, ਅਵਤਾਰ ਸਿੰਘ ਨਿਹੰਗ, ਉੱਤਮ ਜੀਤ ਸਿੰਘ ਨਿਹੰਗ, ਅਮਨਦੀਪ ਸਿੰਘ ਨਿਹੰਗ, ਅਵਤਾਰ ਸਿੰਘ ਨਿਹੰਗ, ਰਾਜਿੰਦਰ ਸਿੰਘ ਮੁਲਤਾਨੀ, ਗੁਰਜੀਤ ਸਿੰਘ ਪੋਪਲੀ, ਸੁੱਚਾ ਸਿੰਘ, ਜੋਤਪ੍ਰਕਾਸ਼, ਸੰਦੀਪ ਅਰੋੜਾ, ਮੁਕੇਸ਼ ਸਿਆਲ ਆਦਿ ਸੰਗਤਾਂ ਸ਼ਾਮਲ ਹੋਈਆਂ।