- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਿਯੁਗ ਵਿੱਚ ਨਾਮ ਸਿਮਰਨ ਹੀ ਜੀਵਨ ਦਾ ਸਭ ਤੋਂ ਵੱਡਾ ਸਹਾਰਾ : ਨਵਜੀਤ ਭਾਰਦਵਾਜ਼

ਜਲੰਧਰ ਦੇ ਮੇਅਰ ਤੇ ਹਲਕਾ ਨਾਰਥ ਦੇ ਇੰਚਾਰਜ ਵਨੀਤ ਧੀਰ ਪੁੱਜੇ ਮੱਥਾ ਟੇਕਣ
ਸ਼ੈਲੀ, ਪੰਜਾਬੀ ਜਾਗਰਣ ਜਲੰਧਰ:
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ ਵਿਖੇ ਮਾਂ ਬਗਲਾਮੁਖੀ ਜੀ ਦੇ ਨਮਿੱਤ ਸਮੂਹਿਕ ਹਵਨ ਯੱਗ ਹੋਇਆ। ਸਮਾਗਮ ਦੀ ਸ਼ੁਰੂਆਤ ਬ੍ਰਾਹਮਣਾਂ ਵੱਲੋਂ ਮੁੱਖ ਯਜਮਾਨਾਂ ਤੋਂ ਵੇਦਿਕ ਰੀਤੀ-ਰਿਵਾਜ ਅਨੁਸਾਰ ਨਵਗ੍ਰਹਿ ਪੂਜਨ ਕਰਵਾਉਣ ਉਪਰੰਤ ਪਰਿਵਾਰ ਹਵਨ ਯੱਗ ਵਿੱਚ ਆਹੁਤੀਆਂ ਪਵਾਉਣ ਨਾਲ ਹੋਈ। ਇਸ ਪਾਵਨ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਜਲੰਧਰ ਦੇ ਮੇਅਰ ਅਤੇ ਜਲੰਧਰ ਨਾਰਥ ਦੇ ਹਲਕਾ ਇੰਚਾਰਜ ਵਨੀਤ ਧੀਰ ਨੇ ਸਿੱਧ ਮਾਂ ਬਗਲਾਮੁਖੀ ਧਾਮ ਵਿਖੇ ਮੱਥਾ ਟੇਕਿਆ, ਮਾਂ ਬਗਲਾਮੁਖੀ ਦੀ ਪੂਜਾ-ਅਰਚਨਾ ਕੀਤੀ ਅਤੇ ਦਿਵਿਆ ਹਵਨ ਯੱਗ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਲੋਕ-ਭਲਾਈ ਲਈ ਅਰਦਾਸ ਕੀਤੀ ਅਤੇ ਹਵਨ ਦੀ ਪੂਰਨਾਹੁਤੀ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਧਾਮ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਸੰਗਤ ਨੂੰ ਪ੍ਰਭੂ ਦੇ ਨਾਮ ਸਿਮਰਨ ਦੀ ਮਹਿਮਾ ਬਾਰੇ ਪ੍ਰੇਰਣਾਦਾਇਕ ਪ੍ਰਵਚਨ ਦਿੱਤੇ। ਉਨ੍ਹਾਂ ਕਿਹਾ ਕਿ ਕਲਯੁੱਗ ਵਿੱਚ ਮਨੁੱਖ ਕੋਲ ਭੌਤਿਕ ਸੁੱਖ-ਸੁਵਿਧਾਵਾਂ ਤਾਂ ਬਹੁਤ ਹਨ, ਪਰ ਮਨ ਦੀ ਸ਼ਾਂਤੀ ਘੱਟਦੀ ਜਾ ਰਹੀ ਹੈ। ਵੱਡੇ ਘਰ ਹਨ ਪਰ ਪਰਿਵਾਰਾਂ ਵਿੱਚ ਪਿਆਰ ਦੀ ਕਮੀ ਹੈ। ਹੱਥਾਂ ਵਿੱਚ ਮੋਬਾਈਲ ਹੈ ਪਰ ਜ਼ਬਾਨ 'ਤੇ ਪ੍ਰਭੂ ਦਾ ਨਾਮ ਨਹੀਂ। ਉਨ੍ਹਾਂ ਕਿਹਾ ਕਿ ਜਿਸ ਮਨ ਵਿੱਚ ਪ੍ਰਭੂ ਦਾ ਨਾਮ ਨਹੀਂ ਵੱਸਦਾ, ਉੱਥੇ ਦੁਨੀਆ ਦਾ ਸ਼ੋਰ ਭਰ ਜਾਂਦਾ ਹੈ।
ਨਵਜੀਤ ਭਾਰਦਵਾਜ਼ ਨੇ ਗੋਸਵਾਮੀ ਤੁਲਸੀਦਾਸ ਜੀ ਦੀ ਚੌਪਈ ਦਾ ਹਵਾਲਾ ਦਿੰਦਿਆਂ ਕਿਹਾ, ‘ਕਲਯੁੱਗ ਕੇਵਲ ਨਾਮ ਅਧਾਰਾ, ਸੁਮਿਰਿ ਸੁਮਿਰਿ ਨਰ ਉਤਰਹਿ ਪਾਰਾ।’ ਉਨ੍ਹਾਂ ਕਿਹਾ ਕਿ ਸਤਯੁਗ ਵਿੱਚ ਤਪ, ਤ੍ਰੇਤਾ ਵਿੱਚ ਯੱਗ ਅਤੇ ਦੁਆਪਰ ਵਿੱਚ ਪੂਜਾ ਦਾ ਵਿਸ਼ੇਸ਼ ਮਹੱਤਵ ਸੀ, ਪਰ ਕਲਿਯੁਗ ਵਿੱਚ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਸਭ ਤੋਂ ਉੱਤਮ ਸਾਧਨਾ ਹੈ। ਉਨ੍ਹਾਂ ਭਗਤ ਪ੍ਰਹਲਾਦ, ਧ੍ਰੁਵ ਮਹਾਰਾਜ ਅਤੇ ਅਜਾਮਿਲ ਦੇ ਪ੍ਰਸੰਗਾਂ ਰਾਹੀਂ ਨਾਮ ਸਿਮਰਨ ਦੀ ਮਹਿਮਾ ਦਾ ਵਰਣਨ ਕਰਦਿਆਂ ਕਿਹਾ ਕਿ ਜੋ ਵਿਅਕਤੀ ਸੱਚੀ ਸ਼ਰਧਾ ਨਾਲ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ ਰੱਖਿਆ ਖ਼ੁਦ ਪਰਮਾਤਮਾ ਕਰਦੇ ਹਨ। ਇਸ ਮੌਕੇ ਸ਼੍ਰੀ ਕੰਠ ਜੱਜ, ਸ਼ਵੇਤਾ ਭਾਰਦਵਾਜ, ਨਿਰਮਲ ਸ਼ਰਮਾ, ਸਰੋਜ ਬਾਲਾ, ਸਮੀਰ ਕਪੂਰ, ਅਮਰੇਂਦਰ ਕੁਮਾਰ ਸ਼ਰਮਾ, ਦਿਨੇਸ਼ ਸੇਠ, ਸੌਰਭ ਭਾਟੀਆ, ਜਾਨੂ ਠਾਪਰ, ਮੁਨੀਸ਼ ਮਹਿਰਾ, ਰਿਸ਼ਭ ਕਾਲੀਆ, ਰਿੰਕੂ, ਬਲਜਿੰਦਰ ਸਿੰਘ, ਡਾ. ਗੁਪਤਾ, ਗੌਰਵ ਗੋਇਲ, ਗੁਰਪ੍ਰੀਤ ਸਿੰਘ, ਰਵੀ ਭੱਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ।