ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ 'ਤੇ ਭੜਕੀਆਂ ਨਿਗਮ ਯੂਨੀਅਨਾਂ ਲੁਧਿਆਣਾ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ 'ਤੇ ਭੜਕੀਆਂ ਨਿਗਮ ਯੂਨੀਅਨਾਂ, 'ਜਲੰਧਰ ਬੰਦ' ਦੀ ਦਿੱਤੀ ਚਿਤਾਵਨੀ
Publish Date: Wed, 09 Sep 2026 08:48 PM (IST)
Updated Date: Wed, 09 Sep 2026 08:49 PM (IST)
-ਸਫ਼ਾਈ ਮਜ਼ਦੂਰ ਫੈਡਰੇਸ਼ਨ ਨੇ ਕਿਹਾ- ਕਾਨੂੰਨ ਵਿਵਸਥਾ ਕਾਇਮ ਰੱਖਣ ਚ ਫੇਲ੍ਹ ਰਹੀ ਸਰਕਾਰ -ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਪੂਰੇ ਪੰਜਾਬ ਚ ਹੋਵੇਗਾ ਤਿੱਖਾ ਸੰਘਰਸ਼ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਜਲੰਧਰ ਦੀਆਂ ਨਗਰ ਨਿਗਮ ਯੂਨੀਅਨਾਂ ’ਚ ਭਾਰੀ ਰੋਸ ਫੈਲ ਗਿਆ ਹੈ। ਘਟਨਾ ਦੇ ਵਿਰੋਧ ’ਚ ਨਗਰ ਨਿਗਮ ਦੇ ਸਮੂਹ ਮੁਲਾਜ਼ਮਾਂ ਤੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਯੂਨੀਅਨਾਂ ਵੱਲੋਂ ਜਲੰਧਰ ਬੰਦ ਕਰਕੇ ਤਿੱਖਾ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸਨੀ ਸਹੋਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ’ਚ ਆਪ ਦੀ ਸਰਕਾਰ ਆਈ ਹੈ, ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਸਰਕਾਰ ਸੂਬੇ ’ਚ ਲਾਅ ਐਂਡ ਆਰਡਰ (ਕਾਨੂੰਨ ਵਿਵਸਥਾ) ਬਣਾਏ ਰੱਖਣ ’ਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ। ਸਹੋਤਾ ਨੇ ਅਫ਼ਸੋਸ ਪ੍ਰਗਟਾਇਆ ਕਿ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾ ਤਾਂ ਦੋਸ਼ੀਆਂ ਵਿਰੁੱਧ ਕੋਈ ਠੋਸ ਬਿਆਨ ਦਿੱਤਾ ਹੈ ਅਤੇ ਨਾ ਹੀ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਪੂਰੇ ਪੰਜਾਬ ਦੀਆਂ ਯੂਨੀਅਨਾਂ ਇਕਜੁੱਟ ਹੋ ਕੇ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਸੰਨੀ ਸੇਠੀ, ਹੀਰੋ ਸਭਰਵਾਲ, ਕਰਨ ਥਾਪਰ, ਰਿੰਪੀ ਕਲਿਆਣ, ਅਸ਼ੋਕ ਵਾਲਮੀਕਿ, ਅਸ਼ਵਨੀ ਮੱਟੂ, ਗੌਰਵ ਗਿੱਲ, ਬੰਟੀ ਥਾਪਰ, ਅਨਿਲ ਸਭਰਵਾਲ, ਪਵਨ ਬਾਬਾ, ਹਰਜੀਤ ਬੌਬੀ, ਰਾਜਿੰਦਰ ਸਭਰਵਾਲ, ਰਾਜਨ ਕਲਿਆਣ, ਵਿਨੋਦ ਗਿੱਲ, ਵਿਕਰਮ ਪੱਟੀ, ਛੋਟੂ ਸਨੀ, ਰਿਸ਼ੀ ਸਹੋਤਾ, ਜੱਸੀ ਤੱਲ੍ਹਣ, ਕਾਲੀ ਥਾਪਰ ਤੇ ਹਿਤੇਸ਼ ਨਾਹਰ ਆਦਿ ਹਾਜ਼ਰ ਸਨ। ----------------------------------- ਮੂਰਤੀਆਂ ਦੀ ਸੁਰੱਖਿਆ ਲਈ ਲਗਾਏ ਜਾਣ ਸੀਸੀਟੀਵੀ ਕੈਮਰੇ ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਪ੍ਰਧਾਨ ਬੰਟੂ ਸਭਰਵਾਲ, ਸ਼ਮੀ ਲੂਥਰ ਤੇ ਸਿਕੰਦਰ ਖੋਸਲਾ ਨੇ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਸਿਰਫ ਦਫ਼ਤਰਾਂ ’ਚ ਬਾਬਾ ਸਾਹਿਬ ਦੀਆਂ ਤਸਵੀਰਾਂ ਲਗਾ ਕੇ ਰਸਮੀ ਜ਼ਿੰਮੇਵਾਰੀ ਪੂਰੀ ਨਾ ਕਰੇ। ਉਨ੍ਹਾਂ ਮੰਗ ਕੀਤੀ ਕਿ ਜਿੱਥੇ-ਜਿੱਥੇ ਵੀ ਚੌਕਾਂ ਤੇ ਜਨਤਕ ਥਾਵਾਂ ਤੇ ਡਾ. ਅੰਬੇਡਕਰ ਦੇ ਬੁੱਤ ਲੱਗੇ ਹੋਏ ਹਨ, ਉੱਥੇ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੇ ਸੀਸੀਟੀਵੀ ਕੈਮਰੇ ਲਗਾਏ ਜਾਣ।