
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

607 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ ਦੀ ਮਨਜੂਰੀ ਲੈਣ ਲਈ ਨਿਗਮ ਹਾਊਸ ਦੀ ਮੀਟਿੰਗ 25 ਅਗਸਤ ਨੂੰ ਬੁਲਾਈ ਗਈ

-ਚਾਰ ਗੁਣਾ ਕੀਮਤ ਵੱਧਣ ਕਾਰਨ ਸਾਲਿਡ ਵੇਸਟ ਪ੍ਰਾਜੈਕਟ ਦੀ ਮਨਜ਼ੂਰੀ ਲਾਜ਼ਮੀ ਸੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
607 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ ਦੀ ਮਨਜ਼ੂਰੀ ਲੈਣ ਲਈ ਨਿਗਮ ਹਾਊਸ ਦੀ 25 ਅਗਸਤ ਨੂੰ ਮੀਟਿੰਗ ਬੁਲਾਈ ਗਈ ਹੈ ਤੇ ਇਸ ਪ੍ਰਾਜੈਕਟ ਦੇ ਦੋ ਟੈਂਡਰ ਲਾਏ ਜਾਣਗੇ ਤੇ ਇਹ ਠੇਕਾ 8 ਸਾਲਾਂ ਦਾ ਹੋਵੇਗਾ। ਇਸ ਤੋਂ ਪਹਿਲਾਂ ਇਹ ਪ੍ਰਾਜੈਕਟ 143 ਕਰੋੜ ਦਾ ਸੀ ਤੇ ਇਸ ਦੀ ਮਿਆਦ 3 ਸਾਲਾਂ ਦੀ ਸੀ ਪਰ ਵਿੱਤ ਅਤੇ ਠੇਕਾ ਕਮੇਟੀ ਨੇ ਇਸ ਪ੍ਰਾਜੈਕਟ ਨੂੰ ਸੋਧ ਕੇ 607 ਕਰੋੜ ਦਾ ਕਰ ਦਿੱਤਾ। ਇਸ ਕਾਰਨ ਉਕਤ ਪ੍ਰਾਜੈਕਟ ਲਈ ਨਿਗਮ ਹਾਊਸ ਦੀ ਮੀਟਿੰਗ ਜ਼ਰੂਰੀ ਸੀ। ਇਸ ਪ੍ਰਾਜੈਕਟ ਦੇ ਵਿਰੋਧ ’ਚ ਨਗਰ ਨਿਗਮ ਯੂਨੀਅਨ ਦੇ ਹੜਤਾਲ ਕੀਤੀ ਸੀ ਅਤੇ ਉਹ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੀ ਆਈ ਹੈ। ਹੜਤਾਲ ਕਾਰਨ ਡੰਪਿੰਗ ਸਾਈਟਾਂ ਭਰ ਗਈਆਂ ਹਨ। ਉਕਤ ਸਾਲਿਡ ਵੋਸਟ ਪ੍ਰੋਜੈਕਟ ਲਈ ਦੋ ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇੱਕ ਛਾਉਣੀ ਤੇ ਦੂਜਾ ਵੈਸਟ ਹਲਕਿਆਂ ਲਈ 384.26 ਕਰੋੜ ਦਾ ਅਤੇ ਦੂਜਾ ਕੇਂਦਰੀ ਤੇ ਉੱਤਰੀ ਹਲਕਿਆਂ ਲਈ 242.84 ਕਰੋੜ ਦਾ ਹੈ। ਉਕਤ ਪ੍ਰਾਜੈਕਟ ਅਧੀਨ ਕੰਪਨੀ ਘਰ-ਘਰ ਜਾ ਕੇ ਕੂੜਾ ਇਕੱਠਾ ਕਰੇਗੀ। ਪ੍ਰੋਸੈਸਿੰਗ ਤੇ ਵਿਗਿਆਨਕ ਨਿਪਟਾਰਾ ਕਰਨਾ ਸ਼ਾਮਲ ਹੈ। ਇਸ ਕੰਮ ਲਈ ਲਗਭਗ 450 ਵਾਹਨ ਕੰਮ ਕਰਨਗੇ ਤੇ ਕੰਪਨੀ ਇਸ ਕੰਮ ਲਈ ਲਗਪਗ 1,800 ਮੁਲਾਜ਼ਮਾਂ ਨੂੰ ਕੰਮ ’ਤੇ ਲਾਏਗੀ ਤੇ ਕੰਪਨੀ ਜੀਪੀਐੱਸ ਰਾਹੀਂ ਨਿਗਰਾਨੀ ਕਰੇਗੀ।
------------------------
ਬਸਤੀ ਪੀਰਦਾਦ ’ਚ ਐੱਸਟੀਪੀ ਦੀ ਵਧਾਈ ਜਾਵੇਗੀ ਸਮਰੱਥਾ
ਕੇਂਦਰ ਸਰਕਾਰ ਦੀ ਅਮਰੁਤ 2.0 ਸਕੀਮ ਅਧੀਨ ਬਸਤੀ ਪੀਰਦਾਦ ’ਚ 20 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਤੇ 45 ਐੱਮਐੱਲਡੀ ਪੰਪਿੰਗ ਸਟੇਸ਼ਨ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਵਰਤਮਾਨ ’ਚ ਬਸਤੀ ਪੀਰਦਾਦ ਵਿੱਚ 50 ਐੱਮਐੱਲਡੀ ਤੇ 15 ਐੱਮਐੱਲਡੀ ਦੀ ਸਮਰੱਥਾ ਵਾਲੇ ਐੱਸਟੀਪੀ ਹਨ ਪਰ ਲੋਡ ਬਹੁਤ ਜ਼ਿਆਦਾ ਹੋਣ ਕਰਕੇ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਕ ਨਵਾਂ 20 ਐੱਮਐੱਲਡੀ ਐਸਟੀਪੀ ਪ੍ਰਸਤਾਵਿਤ ਹੈ। ਇਸ ਪਲਾਂਟ ਲਈ ਜ਼ਮੀਨ ਲੈਦਰ ਕੰਪਲੈਕਸ ਵਿਖੇ ਪ੍ਰਾਪਤ ਕੀਤੀ ਜਾਵੇਗੀ।
-------------------------------
ਸਟਰੀਟ ਵੈਂਡਰਜ਼ ਤੇ ਪ੍ਰਾਪਰਟੀ ਟੈਕਸ ਵਸੂਲੀ ਲਈ ਡਿਜੀਟਲ ਸਰਵੇਖਣ
ਨਗਰ ਨਿਗਮ ਸਟਰੀਟ ਵੈਂਡਰਜ਼ ਤੋਂ ਫੀਸ ਇਕੱਠੀ ਕਰਨ ਤੇ ਉਨ੍ਹਾਂ ਸਾਰਿਆਂ ਲਈ ਨਵੇਂ ਰਿਕਾਰਡ ਬਣਾਉਣ ਲਈ ਇਕ ਡਿਜ਼ੀਟਲ ਸਰਵੇਖਣ ਕਰੇਗੀ। ਇਸ ਸਰਵੇਖਣ 'ਤੇ 42.48 ਲੱਖ ਦੀ ਲਾਗਤ ਆਵੇਗੀ। ਡਿਜੀਟਲ ਸਰਵੇਖਣ ਅਧੀਨ ਜੀਪੀਐੱਸ ਸਥਾਨ ਮੈਪਿੰਗ ਅਤੇ ਦਸਤਾਵੇਜ਼ ਤਸਦੀਕ ਤੋਂ ਬਾਅਦ ਹਰੇਕ ਵਾਰਡ ਨੂੰ ਇਕ ਯੂਆਈਡੀ, ਕਿਉਆਰ ਕੋਡ ਨੰਬਰ ਪਲੇਟ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ’ਚ ਸਾਰੇ ਜਾਇਦਾਦ ਡੇਟਾ ਦੀ ਜੀਆਈਐੱਸ ਤਸਦੀਕ 1.27 ਕਰੋੜ ਦੀ ਲਾਗਤ ਨਾਲ ਕੀਤੀ ਜਾਵੇਗੀ। 12 ਪਿੰਡਾਂ ਦੇ ਸ਼ਹਿਰ ਵਿੱਚ ਰਲੇਵੇਂ ਤੋਂ ਬਾਅਦ ਜਾਇਦਾਦਾਂ ਦੀ ਗਿਣਤੀ 2 ਲੱਖ ਤੋਂ ਵੱਧ ਕੇ 2.30 ਲੱਖ ਹੋ ਗਈ ਹੈ।
--------------------------
ਕੇਂਦਰ ਦੇ ਐੱਨਸੀਪੀਏ ਫੰਡ ਰਾਹੀਂ 16 ਕਰੋੜ ਦੀ ਅਦਾਇਗੀ
ਨਗਰ ਨਿਗਮ ਦੀ ਮਾੜੀ ਵਿੱਤੀ ਸਥਿਤੀ ਕਾਰਨ ਠੇਕੇਦਾਰਾਂ ਨੂੰ ਭੁਗਤਾਨ ’ਚ ਦੇਰੀ ਹੋ ਰਹੀ ਹੈ। ਇਸ ਦੇ ਜਵਾਬ ਵਿਚ ਨਿਗਮ ਨੇ ਕੇਂਦਰ ਦੇ ਨੈਸ਼ਨਲ ਕਲੀਨ ਪ੍ਰੋਗਰਾਮ ਤੋਂ ਗ੍ਰਾਂਟ ਦੀ ਵਰਤੋਂ ਕਰਕੇ ਵਿਕਾਸ ਕਾਰਜਾਂ ਲਈ 16.08 ਕਰੋੜ ਦੇ ਭੁਗਤਾਨਾਂ ਦਾ ਨਿਬੇੜਾ ਕਰਨ ਦਾ ਪ੍ਰਸਤਾਵ ਰੱਖਿਆ ਹੈ। 148 ਸੜਕਾਂ 'ਤੇ ਕੰਮ ਲਈ ਭੁਗਤਾਨ ਪੈਂਡਿੰਗ ਹਨ ਅਤੇ ਇਸ ਉਪਾਅ ਲਈ ਕੇਂਦਰ ਤੋਂ ਪ੍ਰਵਾਨਗੀ ਮੰਗੀ ਗਈ ਹੈ।
--------------------------
ਸੰਯੁਕਤ ਕਮਿਸ਼ਨਰ ਦੀਆਂ ਦੋ ਅਸਾਮੀਆਂ ਵਧਣਗੀਆਂ
ਕੌਂਸਲਰ ਰਾਜੇਸ਼ ਠਾਕੁਰ ਤੇ ਮਨਜੀਤ ਕੌਰ ਨੇ ਜਲੰਧਰ ਨਗਰ ਨਿਗਮ ’ਚ ਸੰਯੁਕਤ ਕਮਿਸ਼ਨਰ ਅਸਾਮੀਆਂ ਦੀ ਗਿਣਤੀ ਦੋ ਵਧਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨਾਲ ਕੁੱਲ ਚਾਰ ਸੰਯੁਕਤ ਹੋ ਜਾਣਗੇ। 12 ਪਿੰਡਾਂ ਨੂੰ ਸ਼ਾਮਲ ਕਰਨ ਨਾਲ ਨਿਗਮ ਦੇ ਕੰਮ ਦੇ ਬੋਝ ਤੇ ਕਾਰਜਾਂ ਦੇ ਦਾਇਰੇ ’ਚ ਕਾਫ਼ੀ ਵਾਧਾ ਹੋਇਆ ਹੈ।
---------------------------
ਉੱਤਰੀ ਹਲਕੇ ਲਈ 70 ਕਰੋੜ ਦੇ ਪ੍ਰੋਜੈਕਟ
ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਵਿਕਾਸ ਪ੍ਰੋਜੈਕਟਾਂ ਨੂੰ ਆਉਣ ਵਾਲੀ ਨਗਰ ਨਿਗਮ ਹਾਊਸ ਮੀਟਿੰਗ ’ਚ ਮਨਜ਼ੂਰੀ ਦਿੱਤੀ ਜਾਣੀ ਤੈਅ ਹੈ, ਜੋ ਹੁਣ ਤੋਂ ਲਗਪਗ ਪੰਜ ਮਹੀਨਿਆਂ ਲਈ ਤੈਅ ਕੀਤੀ ਗਈ ਹੈ ਪਰ ਵਿਸ਼ੇਸ਼ ਧਿਆਨ ਉੱਤਰੀ ਵਿਧਾਨ ਸਭਾ ਹਲਕੇ 'ਤੇ ਹੈ। ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦੇ ਇੰਚਾਰਜ ਵਜੋਂ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਸ ਖੇਤਰ ਲਈ ਵਿਸ਼ੇਸ਼ ਤੌਰ 'ਤੇ 70 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ। ਉੱਤਰੀ ਹਲਕਾ ਸਭ ਤੋਂ ਗੰਭੀਰ ਸੀਵਰੇਜ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ, ਬਹੁਤ ਸਾਰੇ ਖੇਤਰਾਂ ਨੂੰ ਡੂੰਘੀ ਸਫਾਈ ਦੀ ਲੋੜ ਹੈ ਲਗਭਗ 20 ਕਰੋੜ ਸਿਰਫ਼ ਇਸ ਕੰਮ ਲਈ ਰੱਖੇ ਗਏ ਹਨ। ਕਿਸ਼ਨਪੁਰਾ ਡਿਸਪੋਜ਼ਲ ਤੋਂ ਲੰਮਾ ਪਿੰਡ ਚੌਕ ਅਤੇ ਆਲੇ-ਦੁਆਲੇ ਦੇ ਖੇਤਰਾਂ, ਇੰਡਸਟਰੀਅਲ ਅਸਟੇਟ, ਪਰਸ਼ੂਰਾਮ ਨਗਰ ਤੋਂ ਰੇਰੂ ਪਿੰਡ, ਟ੍ਰਾਂਸਪੋਰਟ ਨਗਰ ਤੋਂ ਪਰਸ਼ੂਰਾਮ ਨਗਰ, ਅੰਮ੍ਰਿਤਸਰ ਬਾਈਪਾਸ ਤੋਂ ਗਦਾਈਪੁਰ, ਸ਼ੀਤਲਾ ਮੰਦਰ ਖੇਤਰ, ਦਾਦਾ ਕਲੋਨੀ, ਮਕਸੂਦਾਂ ਡਿਸਪੋਜ਼ਲ ਤੋਂ ਜਲੰਧਰ ਬਾਈਪਾਸ, ਇੰਡਸਟਰੀਅਲ ਏਰੀਆ ਚੌਕ, ਫੋਕਲ ਪੁਆਇੰਟ ਅਤੇ ਫੋਕਲ ਪੁਆਇੰਟ ਐਕਸਟੈਂਸ਼ਨ ਸਮੇਤ ਵੱਖ-ਵੱਖ ਥਾਵਾਂ 'ਤੇ ਲਾਈਨਾਂ ਸਾਫ਼ ਕਰਨ ਲਈ ਸੁਪਰ-ਸਕਸ਼ਨ ਮਸ਼ੀਨਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਐੱਸਏਐੱਸਕੇਆਈ ਗ੍ਰਾਂਟਾਂ ਦੀ ਵਰਤੋਂ ਕਰਕੇ ਲਗਭਗ 25 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ। ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੇ ਤਹਿਤ, ਉੱਤਰੀ ਹਲਕੇ ਵਿੱਚ ਸੋਢਲ ਰੇਲਵੇ ਕਰਾਸਿੰਗ ਤੋਂ ਸਾਈਂ ਚੌਕ, ਸੋਢਲ ਚੌਕ ਤੋਂ ਪੰਜਾਬੀ ਢਾਬਾ ਚੌਕ ਅਤੇ ਲੰਮਾ ਪਿੰਡ ਚੌਕ ਦੇ ਰੂਟਾਂ 'ਤੇ ਸੜਕਾਂ ਬਣਾਈਆਂ ਜਾਣਗੀਆਂ। ਬਰਲਟਨ ਪਾਰਕ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ। ਵਰਕਸ਼ਾਪ ਚੌਕ ਤੋਂ ਚੰਦਨ ਨਗਰ ਅੰਡਰ-ਬ੍ਰਿਜ ਅਤੇ ਦੋਆਬ ਚੌਕ ਤੋਂ ਪਠਾਨਕੋਟ ਬਾਈਪਾਸ ਤੱਕ ਦੇ ਹਿੱਸਿਆਂ ਲਈ, ਨਾਲ ਹੀ ਸਲੇਮਪੁਰ ਮੁਸਲਮਾਨਾ, ਟੋਬਰੀ ਮੁਹੱਲਾ, ਅਜੀਤ ਨਗਰ, ਗਾਂਧੀ ਨਗਰ ਅਤੇ ਵਿਵੇਕ ਨਗਰ ਸਮੇਤ ਖੇਤਰਾਂ ਲਈ ਸੜਕ ਬਨਾਉੋਣ ਦੀ ਯੋਜਨਾ ਵੀ ਹੈ। ਸ਼ਹਿਰ ਦੇ ਹੋਰ ਤਿੰਨ ਵਿਧਾਨ ਸਭਾ ਹਲਕਿਆਂ: ਕੈਂਟ, ਸੈਂਟਰਲ ਅਤੇ ਵੈਸਟ ਵਿੱਚ ਨਵੀਆਂ ਸਟਰੀਟ ਲਾਈਟਾਂ ਅਤੇ ਹਾਈ-ਮਾਸਟ ਲਾਈਟਾਂ ਲਗਾਉਣ ਦੇ ਨਾਲ-ਨਾਲ ਸੀਵਰੇਜ ਅਤੇ ਪਾਣੀ ਸਪਲਾਈ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਵੀ ਕੀਤਾ ਜਾਵੇਗਾ। ਸੜਕ ਨਿਰਮਾਣ, ਟਿਊਬਵੈੱਲ, ਅਤੇ ਸੰਚਾਲਨ ਅਤੇ ਰੱਖ-ਰਖਾਅ ਨਾਲ ਜੁੜੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਪੂਰਥਲਾ ਸੜਕ 'ਤੇ ਕੰਮ ਵਿੱਚ ਸੀਵਰੇਜ ਸਿਸਟਮ, ਫੁੱਟਪਾਥ ਅਤੇ 8 ਕਿੱਲੋਮੀਟਰ ਸੜਕ ਦਾ ਨਿਰਮਾਣ ਸ਼ਾਮਲ ਹੋਵੇਗਾ। ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਨਗਰ ਨਿਗਮ ਦੀ ਹੱਦ ਤੱਕ ਸੜਕ ਨੂੰ ਚੌੜਾ। ਸੈਂਟਰਲ ਵਿਧਾਨ ਸਭਾ ਹਲਕੇ ਵਿੱਚ ਲਗਭਗ 48 ਕਿਲੋਮੀਟਰ ਕੰਕਰੀਟ ਸੜਕਾਂ ਬਣਾਈਆਂ ਜਾਣਗੀਆਂ। ਸਟੇਟ ਡਿਜ਼ਾਸਟਰ ਰਿਸਪਾਂਸ ਦੇ ਫੰਡਾਂ ਦੀ ਵਰਤੋਂ ਕਰਕੇ ਰੂਟਾਂ 'ਤੇ ਸੜਕਾਂ ਬਣਾਈਆਂ ਜਾਣਗੀਆਂ ਜਿਨ੍ਹਾਂ ’ਚ ਸ਼ਿਵ ਨਗਰ ਤੋਂ ਨਾਗਰਾ ਫਾਟਕ, ਕਪੂਰਥਲਾ ਰੋਡ, ਐੱਲਆਈਸੀ ਕਲੋਨੀ, ਚੌਹਕਾਂ ਤੋਂ ਹੁਸ਼ਿਆਰਪੁਰ ਰੋਡ, ਬਸੰਤ ਹਿੱਲ ਤੋਂ ਚੌਹਕਾਂ, ਲੱਡੇਵਾਲੀ ਫਿਰਨੀ, ਅਤੇ ਨੰਗਲ ਸ਼ਾਮਾਂ ਤੋਂ ਗ੍ਰੀਨ ਐਨਕਲੇਵ ਅਤੇ ਸਿਲਵਰ ਐਨਕਲੇਵ ਸ਼ਾਮਲ ਹਨ।
--------------------------
37 ਪੁੱਡਾ ਕਲੋਨੀਆਂ ਵਿੱਚ ਨਿਗਮ ਵਿਕਾਸ ਕਰੇਗੀ
ਨਗਰ ਨਿਗਮ ਦੀਆਂ ਸੀਮਾਵਾਂ ਵਿੱਚ ਆਉਣ ਵਾਲੀਆਂ 37 ਪੁੱਡਾ-ਪ੍ਰਮਾਨਿਤ ਕਾਲੋਨੀਆਂ ਵਿੱਚ ਸੀਵਰੇਜ, ਪਾਣੀ ਸਪਲਾਈ ਅਤੇ ਸਟ੍ਰੀਟ ਲਾਈਟਿੰਗ ਪ੍ਰਣਾਲੀਆਂ ਦੇ ਪ੍ਰਬੰਧਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਮੀਟਿੰਗ ਦੇ ਏਜੰਡੇ ’ਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਬਿਲਡਿੰਗ ਬ੍ਰਾਂਚ ਨੇ ਰਿਪੋਰਟ ਦਿੱਤੀ ਹੈ ਕਿ ਇਨ੍ਹਾਂ 37 ਕਲੋਨੀਆਂ ਲਈ ਇਮਾਰਤੀ ਯੋਜਨਾਵਾਂ ਨੂੰ ਇਸ ਸਮੇਂ ਮਨਜ਼ੂਰੀ ਦਿੱਤੀ ਜਾ ਰਹੀ ਹੈ। ਪ੍ਰਾਪਰਟੀ ਟੈਕਸ ਬ੍ਰਾਂਚ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਖੇਤਰਾਂ ਤੋਂ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ।
---------------------------
ਸ਼ਹਿਰ ’ਚ ਨਵੀਆਂ ਟ੍ਰੈਫਿਕ ਲਾਈਟਾਂ ਲਗਾਉਣ 'ਤੇ ਕੰਮ ਸ਼ੁਰੂ
ਨਗਰ ਨਿਗਮ ਨੇ ਸ਼ਹਿਰ ਭਰ ’ਚ 50 ਤੈਅ ਚੌਰਾਹਿਆਂ 'ਤੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਇਸ ਪ੍ਰੋਜੈਕਟ ਲਈ ਰਸਮੀ ਪ੍ਰਸਤਾਵ ਨੂੰ ਹਾਊਸ ਵੱਲੋਂ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪ੍ਰੋਜੈਕਟ ਦੀ ਅਨੁਮਾਨਤ ਲਾਗਤ 9.51 ਕਰੋੜ ਹੈ।