- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ, ਹੜਤਾਲ ਕਾਰਨ ਸ਼ਹਿਰ ’ਚ ਲੱਗੇ ਕੂੜੇ ਦੇ ਢੇਰ

-ਰੋਜ਼ਾਨਾ 5.50 ਲੱਖ ਮੀਟ੍ਰਿਕ ਟਨ ਕੂੜਾ ਹੁੰਦਾ ਹੈ ਇਕੱਠਾ
-ਸੋਮਵਾਰ ਤੋਂ ਸੰਘਰਸ਼ ਤੇਜ਼ ਕੀਤਾ ਜਾਏਗਾ : ਸਭਰਵਾਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨ ਬੰਟੂ ਸਭਰਵਾਲ ਦੀ ਅਗਵਾਈ ਵਾਲੀ ਯੂਨੀਅਨ ਵੱਲੋਂ ਬਰਨਾਲਾ ਲਾਠੀਚਾਰਜ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਭਗਵਾਨ ਵਾਲਮੀਕਿ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਵਿਪਨ ਸਭਰਵਾਲ, ਰਿੰਪੀ ਕਲਿਆਣ, ਦੀਪਕ ਤੇਲੂ, ਸੁਨੀਲ ਦੱਤਾ ਬੌਬੀ, ਹੈਪੀ ਥਾਪਰ, ਅਸ਼ੋਕ ਵਾਲਮੀਕਿ, ਵਿਨੋਦ ਗਿੱਲ ਆਦਿ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ 8ਵੇਂ ਦਿਨ ’ਚ ਦਾਖਲ ਹੋ ਗਈ ਹੈ ਅਤੇ ਸ਼ਹਿਰ ’ਚੋਂ ਕੂੜੇ ਦੀ ਢੁਆਈ ਬੰਦ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਸਰਕਾਰ ਬਨਣ ਤੋਂ ਪਹਿਲਾਂ ਸਫਾਈ ਸੇਵਕਾਂ ਨੂੰ ਪੱਕਾ ਕਰਨ ਤੇ ਹੋਰ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਜਦੋਂਕਿ ਹੁਣ ਸਰਕਾਰ ਦੇ 5 ਸਾਲ ਪੂਰੇ ਹੋਣ ਜਾ ਰਹੇ ਹਨ ਤੇ ਅਗਲੀਆਂ ਚੋਣਾਂ ਵੀ ਆ ਗਈਆਂ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਵਾਲਮੀਕਿ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ 1196 ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕਾ ਕਰਨ ਸਬੰਧੀ ਵੀ ਜਿਹੜੀਆਂ ਦਰਖਾਸਤਾਂ ਜਮ੍ਹਾਂ ਕੀਤੀਆਂ ਸਨ, ਉਨ੍ਹਾਂ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈ।
--------------------------
ਅਗਲੇ ਸੰਘਰਸ਼ ਲਈ ਹੋਵੇਗਾ ਵਿਚਾਰ-ਵਟਾਂਦਰਾ
ਇਸ ਦੌਰਾਨ ਯੂਨੀਅਨ ਵੱਲੋਂ ਜਾਰੀ ਬਿਆਨ ’ਚ ਉਨ੍ਹਾਂ ਨੇ ਕਿਹਾ ਹੈ ਕਿ ਸੋਮਵਾਰ ਨੂੰ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਉਸ ਦੀ ਅਗਲੀ ਰੂਪ ਰੇਖਾ ਤਿਆਰ ਲਈ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ।
------------------------
5.50 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੁੰਦਾ ਹੈ
ਨਗਰ ਨਿਗਮ ਦੇ ਵੱਖ ਵੱਖ ਡੰਪਾਂ ’ਤੇ ਰੋਜ਼ਾਨਾ 5.50 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੁੰਦਾ ਹੈ ਅਤੇ ਪਿਛਲੇ ਹਫਤੇ ਤੋਂ ਹੜਤਾਲ ਲਗਾਤਾਰ ਜਾਰੀ ਰਹਿਣ ਕਾਰਨ ਕੂੜੇ ਦੀ ਢੁਆਈ ਨਹੀਂ ਹੋ ਰਹੀ ਹੈ। ਜੇ ਅਜਿਹਾ ਹੀ ਹਾਲ ਰਿਹਾ ਤਾਂ ਆਉਂਦੇ ਦਿਨਾਂ ’ਚ ਸ਼ਹਿਰ ’ਚ ਮਹਾਂਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਇਕ ਹਫਤੇ ਦੀ ਹੜਤਾਲ ਕਾਰਨ ਸ਼ਹਿਰ ’ਚ ਲਗਪਗ 30 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੋ ਚੁੱਕਾ ਹੈ। ਜਦੋਂ ਕੂੜੇ ਸਬੰਧੀ ਗੱਲਬਾਤ ਕਰਨ ਲਈ ਸਹਾਇਕ ਸਿਹਤ ਅਫਸਰ ਡਾ: ਸ੍ਰੀ ਕ੍ਰਿਸ਼ਨ ਸ਼ਰਮਾ ਨਾਲ ਮੋਬਾਈਲ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।