- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਜਲੰਧਰ ਖਰੀਦੇਗਾ 6 ਲਿਟਰ ਪਿਕਰ ਮਸ਼ੀਨਾਂ, ਸੜਕਾਂ ਦੀ ਸਫ਼ਾਈ ਹੋਵੇਗੀ ਆਸਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਖ਼ਾਸ ਤੌਰ ’ਤੇ ਗ੍ਰੀਨ ਵੇਸਟ (ਹਰਾ ਕੂੜਾ) ਚੁੱਕਣ ਲਈ ਨਗਰ ਨਿਗਮ 6 ਲਿਟਰ ਪਿਕਰ ਮਸ਼ੀਨਾਂ ਖਰੀਦ ਰਿਹਾ ਹੈ। ਇਸ ਸਬੰਧੀ ਟੈਂਡਰ ਲਗਾਇਆ ਗਿਆ ਹੈ। ਸੜਕਾਂ ਤੋਂ ਕੂੜਾ ਚੁੱਕਣ ਲਈ ਖਰੀਦੀਆਂ ਜਾ ਰਹੀਆਂ ਇਨ੍ਹਾਂ ਮਸ਼ੀਨਾਂ ਦੇ ਸੰਚਾਲਨ ਤੇ ਸਾਲਾਨਾ ਰੱਖ-ਰਖਾਅ ਲਈ 5 ਸਾਲ ਦਾ ਇਕਰਾਰਨਾਮਾ ਵੀ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 4.69 ਕਰੋੜ ਰੁਪਏ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੋਵੇਗਾ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਘਰਾਂ ਤੋਂ ਨਿਕਲਣ ਵਾਲਾ ਕੂੜਾ ਘੱਟ ਹੁੰਦਾ ਹੈ, ਜਦਕਿ ਦਰੱਖਤਾਂ ਤੋਂ ਡਿੱਗਣ ਵਾਲੇ ਪੱਤੇ ਅਤੇ ਹੋਰ ਹਰਾ ਕੂੜਾ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਨੂੰ ਹੱਥਾਂ ਨਾਲ ਚੁੱਕਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਵੈਕਿਊਮ ਪਾਵਰ ਵਾਲੀਆਂ ਲਿਟਰ ਪਿਕਰ ਮਸ਼ੀਨਾਂ ਗ੍ਰੀਨ ਵੇਸਟ ਦੇ ਨਾਲ-ਨਾਲ ਸੜਕਾਂ ਦੇ ਕਿਨਾਰਿਆਂ ’ਤੇ ਪਏ ਪਲਾਸਟਿਕ, ਕਾਗਜ਼, ਬੋਤਲਾਂ ਅਤੇ ਰੈਪਰ ਆਦਿ ਨੂੰ ਵੀ ਆਸਾਨੀ ਨਾਲ ਅੰਦਰ ਖਿੱਚ ਲੈਣਗੀਆਂ। ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੀਆਂ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਲ ਦੋ ਅਜਿਹੀਆਂ ਮਸ਼ੀਨਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਦੀ ਮਦਦ ਨਾਲ ਸੜਕਾਂ ਦੀ ਸਫ਼ਾਈ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕਦੀ ਹੈ। ਨਿਗਮ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੌਰਾਨ ਮੁੱਖ ਸੜਕਾਂ ਦੀ ਸਫ਼ਾਈ ਲਈ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਲ ਕੂੜਾ ਚੁੱਕਣ ਵਾਲੀਆਂ ਪਾਈਪਾਂ ਵਾਲੀਆਂ ਲਿਟਰ ਪਿਕਰ ਮਸ਼ੀਨਾਂ ਦੀ ਵਰਤੋਂ ਕੀਤੀ ਸੀ।
---------------------
ਬਾਜ਼ਾਰਾਂ ’ਚ ਕੂੜੇ ਦੇ ਢੇਰਾਂ ਤੋਂ ਦੁਕਾਨਦਾਰ ਪਰੇਸ਼ਾਨ
ਜਲੰਧਰ : ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੇ ਖੂਬ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀਪਰ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ। ਹੁਣ ਪਟਾਕਿਆਂ ਦੀ ਬਚੀ ਰਹਿੰਦ-ਖੂੰਹਦ ਸੜਕਾਂ ’ਤੇ ਖਿੱਲਰੀ ਪਈ ਹੈ। ਲੋਕ ਘਰਾਂ ਦੇ ਬਾਹਰ ਪਿਆ ਕੂੜਾ ਬਾਜ਼ਾਰਾਂ ਵਿੱਚ ਸੁੱਟ ਗਏ ਹਨ। ਇਸ ਕਾਨ ਸੋਮਵਾਰ ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਪਹੁੰਚੇ ਤਾਂ ਬਾਹਰ ਕੂੜੇ ਦੇ ਢੇਰ ਦੇਖ ਕੇ ਪ੍ਰੇਸ਼ਾਨ ਹੋ ਗਏ।
ਜਲੰਧਰ ਦੇ ਫਗਵਾੜਾ ਗੇਟ ਮਾਰਕੀਟ, ਰੈਣਕ ਬਾਜ਼ਾਰ ਅਤੇ ਇਸ ਨਾਲ ਲੱਗਦੀਆਂ ਹੋਰ ਮਾਰਕੀਟਾਂ ਤੋਂ ਇਲਾਵਾ ਬਾਹਰੀ ਇਲਾਕਿਆਂ ਦੀਆਂ ਸੜਕਾਂ ’ਤੇ ਵੀ ਕੂੜਾ ਖਿੱਲਰਿਆ ਨਜ਼ਰ ਆਇਆ। ਨਗਰ ਨਿਗਮ ਵੱਲੋਂ ਕੂੜਾ ਚੁੱਕਣ ਦਾ ਪ੍ਰਬੰਧ ਤਾਂ ਕੀਤਾ ਗਿਆ ਹੈ, ਪਰ ਸੜਕਾਂ ’ਤੇ ਖਿੱਲਰੇ ਕੂੜੇ ਨੂੰ ਚੁੱਕਣ ਵਿੱਚ ਸਮਾਂ ਲੱਗੇਗਾ। ਬਾਜ਼ਾਰਾਂ ਵਿੱਚ ਕੂੜੇ ਦੇ ਢੇਰਾਂ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਗਾਹਕਾਂ ਲਈ ਵੀ ਬਾਜ਼ਾਰ ’ਚ ਆਉਣਾ-ਜਾਣਾ ਔਖਾ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਸੜਕਾਂ ਅਤੇ ਦੁਕਾਨਾਂ ਦੇ ਅੱਗੇ ਕੂੜਾ ਨਹੀਂ ਸੁੱਟਣਾ ਚਾਹੀਦਾ। ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸੜਕਾਂ ’ਤੇ ਕੂੜਾ ਪਿਆ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੂੜੇ ਦਾ ਢੁੱਕਵਾਂ ਨਿਪਟਾਰਾ ਕਰਵਾਇਆ ਜਾਵੇ ਅਤੇ ਮਾਰਕੀਟਾਂ ਵਿੱਚ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਇਆ ਜਾਵੇ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।