ਪੰਕਜ ਰਾਏ, ਜਲੰਧਰ :

ਪੰਕਜ ਰਾਏ, ਜਲੰਧਰ : ਲੱਧੇਵਾਲੀ ਆਰਓਬੀ (ਰੇਲਵੇ ਓਵਰਬ੍ਰਿਜ) ਨੂੰ ਲੈ ਕੇ ਚੱਲ ਰਿਹਾ ਵਿਵਾਦ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ’ਚ ਇਹ ਸਾਹਮਣੇ ਆਇਆ ਹੈ ਕਿ ਨਿਗਮ ਨੇ ਇਸ ਆਰਓਬੀ ਦਾ ਹੈਂਡਓਵਰ ਦਾ ਚਾਰਜ ਲੈਣ ਤੋਂ ਲੋਕ ਨਿਰਮਾਣ ਵਿਭਾਗ ਨੂੰ ਇਨਕਾਰ ਕਰ ਦਿੱਤਾ ਹੈ।
ਲੱਧੇਵਾਲੀ ਰੇਲਵੇ ਫਾਟਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਸਾਲ 2021 ਵਿਚ ਲਗਭਗ 23.50 ਕਰੋੜ ਦੀ ਲਾਗਤ ਨਾਲ ਆਰਓਬੀ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਦੋ ਸਾਲਾਂ ’ਚ ਆਰਓਬੀ ਤਿਆਰ ਹੋ ਗਿਆ ਪਰ ਉਸ ਸਮੇਂ ਪੰਜਾਬ ’ਚ ਸਰਕਾਰ ਬਦਲ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ’ਚ ਲੱਧੇਵਾਲੀ ਵੱਲ ਉਤਰਦੇ ਰੈਂਪ ਉੱਪਰੋਂ ਹਾਈਟੈਂਸ਼ਨ ਤਾਰਾਂ ਲੰਘਣ ਕਾਰਨ ਆਰਓਬੀ ਦਾ ਉਦਘਾਟਨ ਲੰਬੇ ਸਮੇਂ ਤੱਕ ਰੁਕਿਆ ਰਿਹਾ। ਬਾਅਦ ਵਿਚ ਦੋਵੇਂ ਪਾਸਿਓਂ ਰੈਂਪ ’ਤੇ ਭਾਰੇ ਤੇ ਉੱਚੇ ਵਾਹਨਾਂ ਦੇ ਦਾਖ਼ਲੇ ਨੂੰ ਰੋਕਣ ਲਈ ਗਾਰਡਰ ਲਾ ਦਿੱਤਾ ਗਿਆ। ਕਈ ਮਹੀਨਿਆਂ ਬਾਅਦ ਪਹਿਲਾਂ ਵਾਹਨਾਂ ਲਈ ਆਰਓਬੀ ਖੋਲ੍ਹਿਆ ਗਿਆ ਪਰ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਚਾਅ ਲਈ ਬੈਰੀਕੇਡ ਰੱਖੇ ਗਏ ਸਨ, ਜੋ ਹਾਲ ਹੀ ’ਚ ਹਟਾਏ ਗਏ ਹਨ। ਇਸੇ ਕਾਰਨ ਆਰਓਬੀ ਲਗਾਤਾਰ ਵਿਵਾਦਾਂ ਵਿਚ ਰਿਹਾ ਹੈ।
-----------
ਆਰਓਬੀ ਦੇ ਰੈਂਪ ਨੂੰ 45 ਫੁੱਟ ਛੋਟਾ ਕਰਨ ਦੀ ਯੋਜਨਾ
ਲੱਧੇਵਾਲੀ ਆਰਓਬੀ ’ਤੇ ਟ੍ਰੈਫਿਕ ਦੀ ਆਵਾਜਾਈ ਨੂੰ ਸੁਚਾਰੂ ਕਰਨ ਦੇ ਮਕਸਦ ਨਾਲ ਹਾਲ ਹੀ ’ਚ ਮੇਅਰ ਵਨੀਤ ਧੀਰ ਤੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਾਲੀ ਨੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਮਨਜੀਤ ਸਿੰਘ ਸੈਣੀ ਨਾਲ ਮੀਟਿੰਗ ਕੀਤੀ ਸੀ। ਉਸ ਸਮੇਂ ਇਹ ਤੈਅ ਕੀਤਾ ਗਿਆ ਸੀ ਕਿ ਲੱਧੇਵਾਲੀ ਵਾਲੇ ਪਾਸੇ ਰੈਂਪ ਨੂੰ ਲਗਪਗ 45 ਫੁੱਟ ਛੋਟਾ ਕੀਤਾ ਜਾਵੇ ਤਾਂ ਜੋ ਉੱਪਰੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦਾ ਖ਼ਤਰਾ ਖਤਮ ਹੋ ਸਕੇ। ਇਸ ਲਈ ਲਗਪਗ 58 ਲੱਖ ਰੁਪਏ ਵੀ ਨਿਗਮ ਪ੍ਰਸ਼ਾਸਨ ਖਰਚਣ ਲਈ ਤਿਆਰ ਸੀ ਪਰ ਲੋਕ ਨਿਰਮਾਣ ਵਿਭਾਗ ਨਾਲ ਸਹਿਮਤੀ ਨਾ ਬਣਨ ਕਾਰਨ ਕੰਮ ਰੁਕ ਗਿਆ।
------------
ਲੋਕ ਨਿਰਮਾਣ ਵਿਭਾਗ ਲਿਖ ਚੁੱਕਾ ਹੈ ਪੱਤਰ
ਲੋਕ ਨਿਰਮਾਣ ਵਿਭਾਗ ਨੇ ਸਤੰਬਰ 2025 ’ਚ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਆਰਓਬੀ ਦਾ ਹੈਂਡਓਵਰ ਲੈਣ ਦੀ ਗੱਲ ਕੀਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਦਫਤਰ ਆ ਕੇ ਆਰਓਬੀ ਦੀ ਫਾਈਲ ਰਿਸੀਵ ਕਰ ਕੇ ਚਾਰਜ ਲੈ ਲਓ ਪਰ ਪੱਤਰ ਦੇ ਜਵਾਬ ਵਿਚ ਨਿਗਮ ਵੱਲੋਂ ਲਿਖੇ ਪੱਤਰ ’ਚ ਆਰਓਬੀ ਦਾ ਚਾਰਜ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਨਿਗਮ ਦੇ ਬੀ ਐਂਡ ਆਰ ਬ੍ਰਾਂਚ ਦੇ ਸੈਂਟਰਲ ਹਲਕੇ ਦੇ ਇੰਚਾਰਜ ਐੱਸਈ ਰਾਹੁਲ ਧਵਨ ਨੇ ਦੱਸਿਆ ਕਿ ਉਸ ਸਮੇਂ ਆਰਓਬੀ ਦੀ ਡਿਜ਼ਾਈਨ ’ਚ ਖਾਮੀਆਂ ਹੋਣ ਦਾ ਹਵਾਲਾ ਦੇ ਕੇ ਲਿਖਤੀ ’ਚ ਕਿਹਾ ਗਿਆ ਸੀ ਕਿ ਪਹਿਲਾਂ ਡਿਜ਼ਾਈਨ ਦੀਆਂ ਖਾਮੀਆਂ ਦੂਰ ਕਰੋ, ਹਾਈਟੈਂਸ਼ਨ ਤਾਰਾਂ ਦੀ ਸਮੱਸਿਆ ਖਤਮ ਕਰੋ ਉਸ ਤੋਂ ਬਾਅਦ ਹੀ ਨਿਗਮ ਆਰਓਬੀ ਦਾ ਹੈਂਡਓਵਰ ਲਵੇਗਾ।