
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਮਐੱਸਐੱਮਈ ਮੰਤਰਾਲੇ ਵੱਲੋਂ ਜਲੰਧਰ ’ਚ ਉੱਦਮੀ ਜਾਗਰੂਕਤਾ ਤੇ ਵਿਕਰੇਤਾ ਵਿਕਾਸ ਪ੍ਰੋਗਰਾਮ

ਸੀਨੀਅਰ ਸਟਾਫ, ਪੰਜਾਬੀ ਜਾਗਰਣ, ਜਲੰਧਰ : ਸੂਖਮ, ਲਘੂ ਤੇ ਮੱਧਮ ਉੱਦਮ ਮੰਤਰਾਲੇ, ਭਾਰਤ ਸਰਕਾਰ ਵੱਲੋਂ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਉੱਤਰੀ ਖੇਤਰ) ਦੇ ਸਹਿਯੋਗ ਨਾਲ ਜਲੰਧਰ ’ਚ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ’ਚ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਤੋਂ 100 ਤੋਂ ਵੱਧ ਮੌਜੂਦਾ ਤੇ ਉਤਸ਼ਾਹੀ ਐੱਸਸੀ-ਐੱਸਟੀ ਉੱਦਮੀਆਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਉਦਯਮ ਪੋਰਟਲ ’ਤੇ ਰਜਿਸਟ੍ਰੇਸ਼ਨ, ਵਿਕਰੇਤਾ ਰਜਿਸਟ੍ਰੇਸ਼ਨ, ਈ-ਟੈਂਡਰਿੰਗ, ਸੀਪੀਐੱਸਈਜ਼ ਵੱਲੋਂ ਕੀਤੀ ਜਾਣ ਵਾਲੀ ਖਰੀਦ ਅਤੇ ਕਰਜ਼ਾ ਤੇ ਵਿੱਤੀ ਸਹਾਇਤਾ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਐੱਸਸੀ-ਐੱਸਟੀ ਹੱਬ ਦੇ ਲੁਧਿਆਣਾ ਸ਼ਾਖਾ ਇੰਚਾਰਜ ਸੂਰਿਆ ਭੂਸ਼ਣ ਨੇ ਉਦਘਾਟਨੀ ਸੰਬੋਧਨ ਵਿੱਚ ਸਰਕਾਰੀ ਜਨਤਕ ਖਰੀਦ ਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨੀਤੀ ਤਹਿਤ ਐੱਸਸੀ/ਐੱਸਟੀ ਮਲਕੀਅਤ ਵਾਲੀਆਂ ਐੱਮਐੱਸਈ ਇਕਾਈਆਂ ਤੋਂ 4 ਫ਼ੀਸਦੀ ਅਤੇ ਮਹਿਲਾ ਮਲਕੀਅਤ ਵਾਲੀਆਂ ਐੱਮਐੱਸਈ ਇਕਾਈਆਂ ਤੋਂ 3 ਫ਼ੀਸਦੀ ਜਨਤਕ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਪ੍ਰੋਗਰਾਮ ਰਾਹੀਂ ਉੱਦਮੀਆਂ ਤੇ ਸਰਕਾਰੀ ਤੇ ਵਿੱਤੀ ਸੰਸਥਾਵਾਂ ਵਿਚਕਾਰ ਸਿੱਧੇ ਸੰਵਾਦ ਦਾ ਮੌਕਾ ਵੀ ਮਿਲਿਆ। ਇਸ ਮੌਕੇ ਜੀਈਐੱਮ-ਚੰਡੀਗੜ੍ਹ ਦੇ ਸੀਨੀਅਰ ਟ੍ਰੇਨਰ ਦੀਪਕ ਸ਼ਰਮਾ, ਐੱਨਐੱਫਐੱਲ ਨੰਗਲ ਤੋਂ ਰਾਮ ਪਰਮਾਨ ਤੇ ਸੂਰਿਆ ਨਾਰਾਇਣ ਬਿੰਦ, ਬੀਬੀਐੱਮਬੀ ਤੋਂ ਸੁਧੀਰ ਅਗਰਵਾਲ, ਆਰਸੀਐੱਫ ਕਪੂਰਥਲਾ ਤੋਂ ਰਮਨ ਜੈਨ, ਐੱਫਸੀਆਈ ਜਲੰਧਰ ਤੋਂ ਕ੍ਰਿਸ਼ਨ ਖੁਰਾਨਾ, ਐੱਮਐੱਸਐੱਮਈ ਡੀਐੱਫਓ ਲੁਧਿਆਣਾ ਤੋਂ ਕ੍ਰਿਸ਼ਨ ਕੁਮਾਰ, ਐੱਲਡੀਐੱਮ ਐੱਮਐੱਸ ਮੋਤੀ, ਯੂਕੋ ਬੈਂਕ ਤੋਂ ਮਧੁਰ ਮਲਹੋਤਰਾ, ਡੀਆਈਸੀ ਤੋਂ ਸ਼ਵੇਤਾ ਕੰਬੋਜ ਅਤੇ ਐੱਨਐੱਸਆਈਸੀ ਤੋਂ ਮਨੋਜ ਗੌੜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।