- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

-ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਨੂੰ 22 ਲੱਖ ਦੀ ਐਂਬੂਲੈਂਸ ਭੇਟ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚਣ 'ਤੇ ਚੰਨੀ ਅਤੇ ਉਨ੍ਹਾਂ ਨਾਲ ਆਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਪ੍ਰਤਿਮਾ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ, ਡੇਰੇ ਦੇ ਸੇਵਾਦਾਰਾਂ ਅਤੇ ਅਖਿਲ ਭਾਰਤੀ ਰਵਿਦਾਸੀਆ ਸੰਗਠਨ ਦੇ ਨੁਮਾਇੰਦਿਆਂ ਵੱਲੋਂ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਐਮਪੀ ਲੈਡ ਫੰਡ ਵਿੱਚੋਂ ਸੰਤ ਸਰਵਣ ਦਾਸ ਜੀ ਚੈਰੀਟੇਬਲ ਹਸਪਤਾਲ, ਕਠਾਰ (ਹਲਕਾ ਆਦਮਪੁਰ) ਨੂੰ ਐਮਰਜੈਂਸੀ ਸੇਵਾਵਾਂ ਲਈ ਕਰੀਬ 22 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਐਂਬੂਲੈਂਸ ਭੇਟ ਕੀਤੀ। ਇਹ ਐਂਬੂਲੈਂਸ ਖੇਤਰ ਦੇ ਲੋੜਵੰਦ ਤੇ ਐਮਰਜੈਂਸੀ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗੀ।
ਇਸ ਮੌਕੇ ਡੇਰਾ ਸੱਚਖੰਡ ਬੱਲਾਂ ਦੇ ਟਰੱਸਟ ਤੇ ਸੇਵਾਦਾਰਾਂ ਵੱਲੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ’ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਦੇਸ਼ ਵਿੱਚ ਚੱਲ ਰਹੀ ਜਨਗਣਨਾ ਦੌਰਾਨ ਰਵਿਦਾਸੀਆ ਧਰਮ ਲਈ ਵੱਖਰਾ ਕਾਲਮ ਸ਼ਾਮਲ ਕੀਤਾ ਜਾਵੇ, ਤਾਂ ਜੋ ਕਰੋੜਾਂ ਰਵਿਦਾਸੀਆ ਅਨੁਯਾਈਆਂ ਦੀ ਵੱਖਰੀ ਪਛਾਣ ਦਰਜ ਹੋ ਸਕੇ। ਇਸ ਦੇ ਨਾਲ ਹੀ ਲੋਕ ਸਭਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਐੱਸਸੀ ਭਾਈਚਾਰੇ ਦੇ ਸੰਸਦ ਮੈਂਬਰਾਂ ਨੂੰ ਇਸ ਮੰਗ ਦੇ ਹੱਕ ’ਚ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਬੀਬੀ ਸੁਰਿੰਦਰ ਕੌਰ, ਸੇਵਾਮੁਕਤ ਐੱਸਐੱਸਪੀ ਰਾਜਿੰਦਰ ਸਿੰਘ, ਡਾ. ਨਵਜੋਤ ਦਾਹੀਆ, ਹਰਤਾਜ ਸਿੰਘ, ਸਤਪਾਲ ਹੀਰ, ਮਨੋਹਰ ਲਾਲ ਮਹੇ, ਬਾਬੂ ਧਰਮਪਾਲ, ਨਿਰੰਜਨ ਚੀਮਾ, ਬੀ.ਸੀ. ਚੋਪੜਾ, ਡਾ. ਕਮਲ ਸਾਂਪਲਾ, ਡਾ. ਸਤੀਸ਼ ਸੁਮਨ, ਪ੍ਰਦੀਪ ਕੁਮਾਰ ਦੀਪਾ, ਰੇਸ਼ਮ ਲਾਲ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਪੀਤਾ, ਅਮਰਜੀਤ ਸਿੰਘ ਕੰਗ, ਮਨਜੀਤ ਰਾਏ ਮੰਨਣ, ਅਮਰੀਕ ਸਿੰਘ ਮਡਾਰ, ਦਰਸ਼ਨ ਸਿੰਘ ਫੌਜੀ, ਇੰਸਪੈਕਟਰ ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।