ਫੋਕਲ ਪੁਆਇੰਟ ਤੇ ਇੰਡਸਟ੍ਰੀਅਲ ਅਸਟੇਟ ਜਾਣਾ ਚੁਣੌਤੀ ਤੋਂ ਘੱਟ ਨਹੀਂ ਫੋਕਲ ਪੁਆਇੰਟ ਤੇ ਇੰਡਸਟਰੀਅਲ ਐਸਟੇਟ ਜਾਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ, ਕਾਰੋਬਾਰ 'ਤੇ ਪੈ ਰਿਹਾ ਅਸਰ
Publish Date: Tue, 14 Jul 2026 10:56 PM (IST)
Updated Date: Tue, 14 Jul 2026 10:57 PM (IST)
-ਸਰਵਿਸ ਰੋਡ ’ਤੇ ਚੱਲ ਰਹੇ ਕੰਮ ਕਾਰਨ ਮਾਲ ਢੋਣ ਵਾਲੇ ਵਾਹਨਾਂ ਦੀ ਆਵਾਜਾਈ ਮੁਸ਼ਕਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਉਦਯੋਗਿਕ ਖੇਤਰਾਂ ਦੀਆਂ ਸਮੱਸਿਆਵਾਂ ਅੱਜ ਵੀ ਜਿਉਂ ਦੀ ਤਿਉਂ ਹਨ। ਉਦਯੋਗਿਕ ਖੇਤਰਾਂ ਦੀ ਅਣਦੇਖੀ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਅਜੇ ਤੱਕ ਹੱਲ ਨਹੀਂ ਹੋ ਸਕਿਆ। ਉਦਯੋਗ ਨਾਲ ਜੁੜੇ ਲੋਕਾਂ ਕੋਲ ਸਮੱਸਿਆਵਾਂ ਦੇ ਹੱਲ ਵੀ ਹਨ, ਫਿਰ ਵੀ ਉਨ੍ਹਾਂ ਤੇ ਅਮਲ ਨਾ ਹੋਣਾ ਸਮਝ ਤੋਂ ਪਰੇ ਹੈ। ਸ਼ਹਿਰ ਦੇ ਉਦਯੋਗਿਕ ਖੇਤਰਾਂ ਵਿੱਚ ਸੀਵਰੇਜ ਪ੍ਰਣਾਲੀ, ਸਟਰੀਟ ਲਾਈਟਾਂ, ਟੁੱਟੀਆਂ ਸੜਕਾਂ, ਕੂੜੇ ਦੇ ਢੇਰ ਅਤੇ ਪਾਣੀ ਦੀ ਸਪਲਾਈ ਵਰਗੀਆਂ ਸਮੱਸਿਆਵਾਂ ਅਜੇ ਵੀ ਬਰਕਰਾਰ ਹਨ। ਉਦਯੋਗਪਤੀਆਂ ਨੂੰ ਰੋਜ਼ਾਨਾ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵੇਲੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਰਵਿਸ ਰੋਡ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੜਕਾਂ ਪੁੱਟੀਆਂ ਹਨ। ਫੋਕਲ ਪੁਆਇੰਟ ਤੋਂ ਇੰਡਸਟਰੀਅਲ ਐਸਟੇਟ ਅਤੇ ਇੰਡਸਟਰੀਅਲ ਐਸਟੇਟ ਤੋਂ ਫੋਕਲ ਪੁਆਇੰਟ ਜਾਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਉਚੇ-ਨੀਵੇਂ ਰਸਤੇ ਅਤੇ ਮਿੱਟੀ ਕਾਰਨ ਮਾਲ ਢੋਣ ਵਾਲੇ ਵਾਹਨਾਂ ਦੇ ਨਾਲ-ਨਾਲ ਦੋਪਹੀਆ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਸਿੱਧਾ ਅਸਰ ਕਾਰੋਬਾਰ ਤੇ ਪੈ ਰਿਹਾ ਹੈ। ਕੱਚਾ ਮਾਲ ਸਮੇਂ ਸਿਰ ਨਾ ਪਹੁੰਚਣ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਫੋਕਲ ਪੁਆਇੰਟ ਦਾ ਅੰਡਰਪਾਸ ਛੋਟਾ ਹੋਣ ਕਰਕੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਵਿਚ ਮਾਲ ਢੋਣ ਵਾਲੇ ਵਾਹਨ ਤੇ ਆਮ ਰਾਹਗੀਰ ਫਸ ਜਾਂਦੇ ਹਨ। ਇਸ ਕਾਰਨ ਵਿਦੇਸ਼ਾਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਖਰੀਦਦਾਰ ਵੀ ਇੱਥੇ ਆਉਣ ਤੋਂ ਕਤਰਾਉਂਦੇ ਹਨ। ----------------------- ਫੋਕਲ ਪੁਆਇੰਟ ਤੇ ਫੋਕਲ ਪੁਆਇੰਟ ਐਕਸਟੈਂਸ਼ਨ ਸਾਲ 1981 ਵਿੱਚ ਫੋਕਲ ਪੁਆਇੰਟ ਅਤੇ 1992 ਵਿੱਚ ਫੋਕਲ ਪੁਆਇੰਟ ਐਕਸਟੈਂਸ਼ਨ ਦਾ ਨਿਰਮਾਣ ਕੀਤਾ ਗਿਆ ਸੀ। ਫੋਕਲ ਪੁਆਇੰਟ 175 ਏਕੜ ਅਤੇ ਫੋਕਲ ਪੁਆਇੰਟ ਐਕਸਟੈਂਸ਼ਨ 215 ਏਕੜ ਵਿਚ ਫੈਲਿਆ ਹੋਇਆ ਹੈ। ਇੱਥੇ 400 ਤੋਂ ਵੱਧ ਉਦਯੋਗ ਹਨ, ਜੋ ਹਰ ਸਾਲ ਕਰੀਬ 2200 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ ਅਤੇ 80 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੂੰ ਰੋਜ਼ਗਾਰ ਦਿੰਦੇ ਹਨ। ਫੋਕਲ ਪੁਆਇੰਟ ਐਕਸਟੈਂਸ਼ਨ ਦੇ ਕਈ ਬਲਾਕਾਂ ਵਿੱਚ ਸੀਵਰੇਜ ਪ੍ਰਣਾਲੀ ਠੀਕ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਇਲਾਕਾ ਪਾਣੀ ਭਰਨ ਦੀ ਸਮੱਸਿਆ ਨਾਲ ਜੂਝਦਾ ਹੈ। ਜੁਲਾਈ 2025 ’ਚ ਲਗਾਤਾਰ ਮੀਂਹ ਕਾਰਨ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਸੀ, ਜੋ ਫੈਕਟਰੀਆਂ ਅੰਦਰ ਦਾਖਲ ਹੋ ਗਿਆ ਸੀ। ਹੁਣ ਵੀ ਡਰ ਬਣਿਆ ਹੋਇਆ ਹੈ ਕਿ ਬਰਸਾਤ ਦੌਰਾਨ ਮੁੜ ਪਾਣੀ ਉਦਯੋਗਾਂ ਵਿੱਚ ਨਾ ਵੜ ਜਾਵੇ। ਜਦੋਂ ਫੋਕਲ ਪੁਆਇੰਟ ਬਣਿਆ ਸੀ, ਉਸ ਵੇਲੇ ਸੀਵਰੇਜ ਪਾਈਪਾਂ ਛੋਟੀਆਂ ਹੋਣ ਦੇ ਬਾਵਜੂਦ ਲੋੜ ਮੁਤਾਬਕ ਸਨ। ਹੁਣ ਉਦਯੋਗਾਂ ਦੀ ਗਿਣਤੀ ਕਈ ਗੁਣਾ ਵੱਧ ਚੁੱਕੀ ਹੈ, ਪਰ ਪਾਈਪਾਂ ਨੂੰ ਵੱਡਾ ਨਹੀਂ ਕੀਤਾ ਗਿਆ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਸੁਪਰ ਸਕਸ਼ਨ ਮਸ਼ੀਨਾਂ ਨਾਲ ਨਿਯਮਤ ਸਫਾਈ ਅਤੇ ਫੋਕਲ ਪੁਆਇੰਟ ਐਕਸਟੈਂਸ਼ਨ ਵਿੱਚ ਪਈ ਡਰੇਨ ਲਾਈਨ ਨੂੰ ਚਾਲੂ ਕਰਨਾ ਬਹੁਤ ਜ਼ਰੂਰੀ ਹੈ। ਫੋਕਲ ਪੁਆਇੰਟ ਤੋਂ ਟਰਾਂਸਪੋਰਟ ਨਗਰ ਤੱਕ ਸਰਫੇਸ ਵਾਟਰ ਪ੍ਰੋਜੈਕਟ ਲਈ ਦੋਵਾਂ ਪਾਸਿਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸੜਕਾਂ ਉਖਾੜ ਦਿੱਤੀਆਂ ਗਈਆਂ ਹਨ। ਬਰਸਾਤ ਵਿੱਚ ਇਹ ਸੜਕਾਂ ਚਿੱਕੜ ਵਿੱਚ ਤਬਦੀਲ ਹੋ ਜਾਣਗੀਆਂ ਅਤੇ ਉਦਯੋਗਾਂ ਤੱਕ ਪਹੁੰਚਣਾ ਹੋਰ ਵੀ ਔਖਾ ਹੋ ਜਾਵੇਗਾ। ---------------------- ਉਦਯੋਗਪਤੀਆਂ ਦੀ ਰਾਏ ਇੰਡਸਟਰੀਅਲ ਐਸਟੇਟ ਐਕਸਟੈਂਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੂਬਾ ਸਿੰਘ ਨੇ ਕਿਹਾ ਕਿ ਸਰਵਿਸ ਰੋਡ ਤੇ ਚੱਲ ਰਹੇ ਕੰਮ ਕਾਰਨ ਇੰਡਸਟਰੀਅਲ ਐਸਟੇਟ ਪੁੱਜਣਾ ਮੁਸ਼ਕਲ ਹੋ ਗਿਆ ਹੈ। ਮਾਲ ਢੋਣ ਵਾਲੇ ਵਾਹਨ ਅਤੇ ਕੱਚਾ ਮਾਲ ਸਮੇਂ ਸਿਰ ਨਹੀਂ ਪਹੁੰਚ ਰਹੇ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 16 ਤੋਂ 18 ਇੰਚ ਦੀਆਂ ਨਵੀਆਂ ਸੀਵਰੇਜ ਪਾਈਪਾਂ ਪਾਉਣੀਆਂ ਚਾਹੀਦੀਆਂ ਹਨ ਅਤੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫਾਈ ਕਰਵਾਉਣੀ ਜ਼ਰੂਰੀ ਹੈ। ਸੀਆਈਆਈ ਦੇ ਵਾਈਸ ਚੇਅਰਮੈਨ ਜਸਜੀਤ ਸਿੰਘ ਬੇਦੀ ਨੇ ਕਿਹਾ ਕਿ ਫੋਕਲ ਪੁਆਇੰਟ ਜਾਣ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਹੈ। ਕੱਚਾ ਮਾਲ ਦੇਰ ਨਾਲ ਪਹੁੰਚਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਖਰੀਦਦਾਰ ਵੀ ਆਉਣ ਤੋਂ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਵਿਸ ਰੋਡ ਦਾ ਕੰਮ ਮੌਨਸੂਨ ਤੋਂ ਪਹਿਲਾਂ ਪੂਰਾ ਹੋਣਾ ਚਾਹੀਦਾ ਸੀ। ਉਦਯੋਗ ਨਗਰ ਮੈਨਿਊਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਭਸੀਨ ਨੇ ਕਿਹਾ ਕਿ ਸਰਵਿਸ ਰੋਡ ਅਤੇ ਹੋਰ ਪ੍ਰੋਜੈਕਟ ਮਾਨਸੂਨ ਤੋਂ ਪਹਿਲਾਂ ਮੁਕੰਮਲ ਹੋਣੇ ਚਾਹੀਦੇ ਸਨ। ਹਰ ਸਾਲ ਬਰਸਾਤ ’ਚ ਦੋਵਾਂ ਪਾਸਿਆਂ ਪਾਣੀ ਭਰ ਜਾਂਦਾ ਹੈ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਉਦਯੋਗ ਨਗਰ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਤਿਨ ਕਪੂਰ ਨੇ ਕਿਹਾ ਕਿ ਅੱਜ ਵੀ ਉਦਯੋਗਿਕ ਖੇਤਰ ਬੁਨਿਆਦੀ ਢਾਂਚੇ ਦੀ ਕਮੀ ਨਾਲ ਜੂਝ ਰਹੇ ਹਨ। ਫੋਕਲ ਪੁਆਇੰਟ ਦਾ ਅੰਡਰਪਾਸ ਛੋਟਾ ਹੋਣ ਕਾਰਨ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਮਾਲ ਢੋਣ ਵਾਲੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਕਾਰੋਬਾਰ ਤੇ ਪੈਂਦਾ ਹੈ।