- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਸਿਖਲਾਈ ਸੰਸਥਾਨਾਂ ’ਚ 40 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ, ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ: ਪਰਗਟ ਸਿੰਘ

-ਐੱਸਸੀਈਆਰਟੀ ਤੇ ਡਾਈਟਸ ’ਚ ਤੁਰੰਤ ਭਰਤੀ ਕਰਨ ਦੀ ਕੀਤੀ ਮੰਗ, ਸਰਕਾਰੀ ਸਕੂਲਾਂ ’ਚ ਵੀ ਅਧਿਆਪਕਾਂ ਦੀ ਭਾਰੀ ਘਾਟ ਦਾ ਦਾਅਵਾ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਅਧਿਆਪਕ ਸਿਖਲਾਈ ਸੰਸਥਾਨਾਂ ’ਚ 40 ਫ਼ੀਸਦੀ ਤੋਂ ਵੱਧ ਅਕਾਦਮਿਕ ਅਸਾਮੀਆਂ ਖਾਲੀ ਹੋਣ ਦਾ ਦਾਅਵਾ ਕਰਦਿਆਂ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੇ ਬਾਵਜੂਦ ਅਧਿਆਪਕ ਤਿਆਰ ਕਰਨ ਵਾਲੀਆਂ ਸੰਸਥਾਵਾਂ ਹੀ ਸਟਾਫ਼ ਦੀ ਘਾਟ ਨਾਲ ਜੂਝ ਰਹੀਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵੀ 18 ਹਜ਼ਾਰ ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੇ ਅਨੁਸਾਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਤੇ ਸਰਹੱਦੀ ਖੇਤਰਾਂ ’ਚ ਅਧਿਆਪਕਾਂ ਦੀ ਕਮੀ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਮਨਜ਼ੂਰਸ਼ੁਦਾ ਕਰੀਬ 1.03 ਲੱਖ ਅਧਿਆਪਕ ਅਸਾਮੀਆਂ ਵਿੱਚੋਂ 17.48 ਫ਼ੀਸਦੀ ਅਜੇ ਵੀ ਖਾਲੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਮੀਖਿਆ ਅਨੁਸਾਰ ਐੱਸਸੀਈਆਰਟੀ ’ਚ 31 ਫ਼ੀਸਦੀ ਤੇ ਡਾਈਟਸ ’ਚ 45 ਫ਼ੀਸਦੀ ਅਕਾਦਮਿਕ ਅਸਾਮੀਆਂ ਖਾਲੀ ਹਨ। ਉਨ੍ਹਾਂ ਦੇ ਅਨੁਸਾਰ, ਜੇਕਰ ਅਧਿਆਪਕ ਸਿਖਲਾਈ ਸੰਸਥਾਨਾਂ ’ਚ ਹੀ ਯੋਗ ਫੈਕਲਟੀ ਦੀ ਘਾਟ ਰਹੇਗੀ ਤਾਂ ਸਰਕਾਰੀ ਸਕੂਲਾਂ ’ਚ ਗੁਣਵੱਤਾ ਭਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਦਾਅਵੇ ਹਕੀਕਤ ਨਹੀਂ ਬਣ ਸਕਣਗੇ। ਪਰਗਟ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ ਨੇ ਵੀ ਆਪਣੀ ਰਿਪੋਰਟ ’ਚ ਅਧਿਆਪਕ ਸਿਖਲਾਈ ਸੰਸਥਾਨਾਂ ’ਚ ਸਟਾਫ਼ ਦੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਾਲਾਤ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐੱਸਸੀਈਆਰਟੀ ਤੇ ਸਾਰੇ ਡਾਈਟਸ ’ਚ ਖਾਲੀ ਪਈਆਂ ਅਕਾਦਮਿਕ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਤੇ ਯੋਗ ਅਧਿਆਪਕਾਂ ਦੀ ਨਿਯੁਕਤੀ ਕਰਕੇ ਅਧਿਆਪਕ ਸਿਖਲਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਸਿੱਖਿਆ ਸੁਧਾਰਾਂ ਲਈ ਵਚਨਬੱਧ ਹੈ ਤਾਂ ਪ੍ਰਚਾਰ ਦੀ ਬਜਾਏ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।