- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੀ ਸਿਆਸੀ ਰੈਲੀ ਲਈ ਪੀਆਰਟੀਸੀ ਦੀਆਂ 2,960 ਬੱਸਾਂ ਭੇਜਣ

-ਮੋਗਾ ਰੈਲੀ ਲਈ ਪੀਆਰਟੀਸੀ ਦੀਆਂ 2,960 ਬੱਸਾਂ ਭੇਜਣ ’ਤੇ ਟਿੱਪਣੀ ਨੂੰ ਲੈ ਕੇ ਅਰੋੜਾ ’ਤੇ ਤਿੱਖਾ ਹਮਲਾ
ਸਕੂਲਾਂ, ਹਸਪਤਾਲਾਂ ਤੇ ਮੁਲਾਜ਼ਮਾਂ ਦੇ ਬਕਾਇਆ ਭੁਗਤਾਨਾਂ ਦੀ ਹੋ ਰਹੀ ਰਹੈ ਅਣਦੇਖੀ : ਸਾਬਕਾ ਕੇਂਦਰੀ ਮੰਤਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਪੰਜਾਬ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਮਨ ਅਰੋੜਾ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੀ ‘ਤਾਂ ਕੀ ਹੋਇਆ?’ ਵਾਲੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਜਿਸ ’ਚ ਅਰੋੜਾ ਨੇ 26 ਨਵੰਬਰ ਨੂੰ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਸਿਆਸੀ ਰੈਲੀ ਲਈ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ 2,960 ਬੱਸਾਂ ਲਗਾਉਣ ਦੇ ਫ਼ੈਸਲੇ ਦਾ ਬਚਾਅ ਕੀਤਾ ਸੀ। ਸਾਂਪਲਾ ਨੇ ਕਿਹਾ ਕਿ ਅਰੋੜਾ ਦੀ ਇਹ ਟਿੱਪਣੀ ਸੱਤਾਧਾਰੀ ਪਾਰਟੀ ਦੇ ਹੰਕਾਰ ਤੇ ਆਮ ਨਾਗਰਿਕਾਂ ਪ੍ਰਤੀ ਉਸ ਦੀ ਪੂਰੀ ਤਰ੍ਹਾਂ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ।
ਪੰਜਾਬ ਸਰਕਾਰ ਦੇ ਪੰਜ ਸਾਲਾਂ ਦੇ ਰਿਪੋਰਟ ਕਾਰਡ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੇ ਨਾਂ 'ਤੇ ਜਨਤਕ ਆਵਾਜਾਈ ਦੀਆਂ ਇੰਨੀ ਵੱਡੀ ਗਿਣਤੀ ’ਚ ਬੱਸਾਂ ਨੂੰ ਰੈਲੀ ਲਈ ਵਰਤਣ ਦੇ ਅਰੋੜਾ ਦੇ ਤਰਕ 'ਤੇ ਪ੍ਰਤੀਕਿਰਿਆ ਦਿੰਦਿਆਂ ਸਾਂਪਲਾ ਨੇ ਕਿਹਾ ਕਿ ਲਗਭਗ 3,000 ਸਰਕਾਰੀ ਬੱਸਾਂ ਨੂੰ ਸਿਆਸੀ ਸਮਾਗਮ ਲਈ ਉਨ੍ਹਾਂ ਦੇ ਨਿਰਧਾਰਤ ਰੂਟਾਂ ਤੋਂ ਹਟਾਉਣ ਨਾਲ ਪੂਰੇ ਪੰਜਾਬ ਦੀ ਜਨਤਕ ਆਵਾਜਾਈ ਪ੍ਰਣਾਲੀ ਠੱਪ ਹੋ ਜਾਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਇੰਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਰੈਲੀ ’ਚ ਲਿਆਉਣ ਦੇ ਖ਼ਰਚੇ ਦੀ ਅਦਾਇਗੀ ਕੌਣ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਪੀਆਰਟੀਸੀ ਤੇ ਪਨਬੱਸ ਪਹਿਲਾਂ ਹੀ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਸਾਂਪਲਾ ਨੇ ਕਿਹਾ ਕਿ ਜਿਹੜੀ ਸਰਕਾਰ ਮੁਲਾਜ਼ਮਾਂ ਵੱਲੋਂ ਮਹਿੰਗਾਈ ਭੱਤੇ (ਡੀਏ) ਦੀ ਮੰਗ ਕੀਤੇ ਜਾਣ, ਮਹਿਲਾਵਾਂ ਵੱਲੋਂ ਵਾਅਦੇ ਮੁਤਾਬਕ ਵਿੱਤੀ ਸਹਾਇਤਾ ਦੀ ਉਡੀਕ ਕਰਨ ਜਾਂ ਸਕੂਲਾਂ ਤੇ ਹਸਪਤਾਲਾਂ ’ਚ ਬੁਨਿਆਦੀ ਸਹੂਲਤਾਂ ਦੇ ਸੁਧਾਰ ਦੀ ਮੰਗ ਕੀਤੇ ਜਾਣ ’ਤੇ ਹਰ ਵਾਰ ਖ਼ਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਦੀ ਹੈ, ਉਸ ਨੂੰ ਸਿਆਸੀ ਰੈਲੀਆਂ ’ਚ ਭੀੜ ਇਕੱਠੀ ਕਰਨ ਲਈ ਜਨਤਾ ਦੇ ਪੈਸੇ ਤੇ ਸਰਕਾਰੀ ਸਾਧਨਾਂ ਦੀ ਬਰਬਾਦੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਪੰਜਾਬ ਦੇ ਲੋਕ ਸਰਕਾਰੀ ਮਸ਼ੀਨਰੀ ਦੀ ਇਸ ਸ਼ਰੇਆਮ ਦੁਰਵਰਤੋਂ ਨੂੰ ਦੇਖ ਰਹੇ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਾ ਢੁੱਕਵਾਂ ਜਵਾਬ ਦੇਣਗੇ।