ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੀਤਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਰਸਮੀ ਤੌਰ ’ਤੇ ਝੋਨੇ ਦੀ ਸਰਕਾਰੀ ਖਰੀਦ ਦੀ ਆਰੰਭਤਾ ਦਾ ਕੀਤਾ ਉਦਘਾਟਨ
Publish Date: Thu, 01 Oct 2026 07:25 PM (IST)
Updated Date: Fri, 02 Oct 2026 04:10 AM (IST)
-ਪਹਿਲੀ ਵਾਰ ਕਿਸਾਨਾਂ ਦੇ ਚਿਹਰਿਆਂ ਤੇ ਝੋਨੇ ਨੂੰ ਲੈ ਕੇ ਖੁਸ਼ੀ ਦਿੱਤੀ ਦਿਖਾਈ : ਮਹਿੰਦਰ ਭਗਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਝੋਨੇ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀਆਂ ’ਚ ਫਸਲ ਦੀ ਆਮਦ ਸ਼ੁਰੂ ਹੋ ਗਈ ਸੀ ਪਰ ਰਸਮੀ ਤੌਰ ’ਤੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਮਿਤੀ ਅਨੁਸਾਰ ਜਲੰਧਰ ਦੀ ਨਵੀਂ ਦਾਣਾ ਮੰਡੀ ’ਚ ਰਸਮੀ ਤੌਰ ’ਤੇ ਅੱਜ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਨ ਲਈ ਕੈਬਨਿਟ ਮੰਤਰੀ ਮਹਿੰਦਰ ਭਗਤ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਮੇਅਰ ਵਨੀਤ ਧੀਰ, ਰਾਜਵਿੰਦਰ ਕੌਰ ਥਿਆੜਾ ਨੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਵੇਚਣ ’ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ 24 ਘੰਟਿਆਂ ਦੇ ਅੰਦਰ-ਅੰਦਰ ਖਰੀਦੀਆਂ ਜਾਣਗੀਆਂ ਤੇ 48 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਕਿਹਾ ਕਿ ਚੇਅਰਮੈਨ ਦੀ ਅਗਵਾਈ ਹੇਠ ਮੰਡੀਆਂ ’ਚ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਆਪਣੀ ਫ਼ਸਲ ਮੰਡੀ ’ਚ ਲਿਆਉਣ ਲਈ ਸਰਕਾਰ ਵੱਲੋਂ ਫਸਲ ਦੀ ਨਿਰਧਾਰਤ ਕੀਤੀ ਗਈ ਨਮੀ ਦਾ ਪੂਰਨ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਖਰੀਦ ਦਾ ਟੀਚਾ 8 ਲੱਖ ਟਨ ਸੀ ਪਰ ਹੜ੍ਹਾਂ ਕਾਰਨ ਘਾਟ ਆਈ ਸੀ ਤੇ ਇਸ ਸਾਲ ਕਿਸਾਨਾਂ ਦੀ ਫ਼ਸਲ ਬਹੁਤ ਵਧੀਆ ਹੋਈ ਹੈ ਤੇ ਇਸ ਸੀਜ਼ਨ ’ਚ 1.1 ਮਿਲੀਅਨ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਹੈ ਤੇ ਇਹ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਦੇ ਚਿਹਰਿਆਂ ਤੇ ਝੋਨੇ ਨੂੰ ਲੈ ਕੇ ਖੁਸ਼ੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ, ਡਾਕਟਰੀ ਦੇਖਭਾਲ, ਬਿਜਲੀ ਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਯਕੀਨੀ ਬਣਾਉਣ ਲਈ ਨਿਗਰਾਨੀ ਦੇ ਵੀ ਆਦੇਸ਼ ਦਿੱਤੇ ਗਏ ਹਨ ਕਿ ਦੂਜੇ ਰਾਜਾਂ ਤੋਂ ਝੋਨਾ ਪੰਜਾਬ ਦੀਆਂ ਮੰਡੀਆਂ ਤੱਕ ਨਾ ਪਹੁੰਚੇ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਤੇ ਸਕੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਗ੍ਰੇਡ-ਏ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ 2,461 ਹੈ ਤੇ ਨਿਯਮਤ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ 2,441 ਪ੍ਰਤੀ ਕੁਇੰਟਲ ਹੈ। ਇਹ ਦਰਾਂ ਕੇਂਦਰ ਸਰਕਾਰ ਵੱਲੋਂ 2026-27 ਦੇ ਖਰੀਫ ਮਾਰਕੀਟਿੰਗ ਸੀਜ਼ਨ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਨਗ੍ਰੇਨ, ਮਾਰਕਫੈੱਡ, ਪਨਸਪ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਐਪ ਸੀ ਆਈ ਏਜੰਸੀਆਂ ਨੇ ਪਹਿਲੇ ਦਿਨ 2500 ਕਵਿੰਟਲ ਝੋਨੇ ਦੀ ਖਰੀਦ ਕੀਤੀ। ਇਸ ਮੌਕੇ ਐੱਸਡੀਐੱਮ-2, ਸ਼ਾਇਰੀ ਮਲਹੋਤਰਾ, ਡੀਐੱਫਸੀ ਹਰਸ਼ਰਨਜੀਤ ਸਿੰਘ ਬਰਾੜ, ਡੀਐੱਫਐੱਸਓ ਮੁਨੀਸ਼ ਕੁਮਾਰ, ਜ਼ਿਲ੍ਹਾ ਅਫ਼ਸਰ ਅਰਵਿੰਦਰ ਸਿੰਘ ਸਾਹੀ, ਸਕੱਤਰ ਦਲਬੀਰ ਸਿੰਘ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ, ਸੂਬਾ ਸਕੱਤਰ ਰਜਿੰਦਰ ਸਿੰਘ ਮਿਗਲਾਨੀ, ਮੰਡੀ ਸੁਪਰਡੈਂਟ ਸੁਖਦੇਵ ਰਾਜ, ਮੰਡੀ ਸੁਪਰਵਾਈਜ਼ਰ ਅਰਜੂਨ ਪੰਡਿਤ ਤੇ ਹੋਰ ਹਾ਼ਜ਼ਰ ਸਨ।