ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ
Publish Date: Mon, 26 Oct 2026 08:03 PM (IST)
Updated Date: Mon, 26 Oct 2026 08:07 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਜਾਤ ਭਾਈਚਾਰਿਆਂ ਦੀ ਭਲਾਈ ਲਈ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਉੱਦਮਤਾ, ਪਿੰਡਾਂ ਦੇ ਵਿਕਾਸ ਤੇ ਸਿਹਤ ਸਹਾਇਤਾ ਸਮੇਤ ਕਈ ਅਹਿਮ ਕਦਮ ਚੁੱਕੇ ਹਨ। ਉਹ ਭਗਵਾਨ ਵਾਲਮੀਕਿ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਗੈਰ ਰਸਮੀ ਗੱਲਬਾਤ ਕਰ ਰਹੇ ਸਨ। ---------------------------- ਸਕੀਮਾਂ ਲਈ ਗ੍ਰਾਟਾਂ ਵਿਜੇ ਸਾਂਪਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੈ ਯੋਜਨਾ ਤਹਿਤ 2022-23 ਤੋਂ 2025-26 ਦਰਮਿਆਨ ਪੰਜਾਬ ਨੂੰ 173.69 ਕਰੋੜ ਜਾਰੀ ਕੀਤੇ ਗਏ, ਜਿਨ੍ਹਾਂ ’ਚ 2025-26 ਦੇ 90.94 ਕਰੋੜ ਸ਼ਾਮਲ ਹਨ, ਜਦਕਿ 2026-27 ’ਚ ਹੁਣ ਤੱਕ 17.80 ਕਰੋੜ ਹੋਰ ਜਾਰੀ ਕੀਤੇ ਗਏ। ਇਸ ਤਰ੍ਹਾਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 3,763 ਪਿੰਡਾਂ ਦੀ ਪਛਾਣ ਕੀਤੀ ਗਈ, ਜਿੱਥੇ ਪੰਜ ਲੱਖ ਤੋਂ ਵੱਧ ਐੱਸਸੀ ਵਸਨੀਕ ਰਹਿੰਦੇ ਹਨ, ਤੇ ਅਕਤੂਬਰ 2026 ਤੱਕ 327 ਪਿੰਡ ਆਦਰਸ਼ ਗ੍ਰਾਮ ਬਣੇ। ਇਸ ਯੋਜਨਾ ਦਾ ਵਿਸਤਾਰ 11 ਰਾਜਾਂ ’ਚ 1,500 ਹੋਰ ਐੱਸਸੀ-ਬਹੁਗਿਣਤੀ ਵਾਲੇ ਪਿੰਡਾਂ ਤੱਕ ਕੀਤਾ ਗਿਆ। -------------------------- ਵਿਦਿਆਰਥੀਆਂ ਲਈ ਸਕੀਮਾਂ ਉਨ੍ਹਾਂ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ 2020 ਤੋਂ 2023 ਦੌਰਾਨ 3.69 ਲੱਖ ਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ 5.07 ਲੱਖ ਪੰਜਾਬੀ ਵਿਦਿਆਰਥੀਆਂ ਨੂੰ ਲਾਭ ਮਿਲਿਆ। 2024-25 ’ਚ 2,05,605 ਵਿਦਿਆਰਥੀਆਂ ਲਈ 322.44 ਕਰੋੜ ਅਤੇ 2025-26 ’ਚ 1,63,066 ਵਿਦਿਆਰਥੀਆਂ ਲਈ 333.37 ਕਰੋੜ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵਜੋਂ ਜਾਰੀ ਕੀਤੇ ਗਏ। ਪ੍ਰੀ-ਮੈਟ੍ਰਿਕ ਯੋਜਨਾ ਤਹਿਤ 2025-26 ’ਚ 1,25,119 ਵਿਦਿਆਰਥੀਆਂ ਲਈ 26.47 ਕਰੋੜ ਦਿੱਤੇ ਗਏ। ਸ੍ਰੇਸ਼ਟਾ ਤਹਿਤ 108 ਵਿਦਿਆਰਥੀਆਂ ਨੇ ਰਿਹਾਇਸ਼ੀ ਸਕੂਲਾਂ ’ਚ ਦਾਖਲਾ ਲਿਆ, ਜਦਕਿ ਡਾ. ਅੰਬੇਡਕਰ ਸੈਂਟਰ ਆਫ਼ ਐਕਸੀਲੈਂਸ ਤਹਿਤ ਕੇਂਦਰੀ ਯੂਨੀਵਰਸਿਟੀ ਪੰਜਾਬ ਲਈ 100 ਲਾਭਪਾਤਰੀਆਂ ਵਾਸਤੇ 1.04 ਕਰੋੜ ਮਨਜ਼ੂਰ ਹੋਏ। ਉਨ੍ਹਾਂ ਦੱਸਿਆ ਕਿ ਐੱਸਸੀ ਉੱਦਮੀਆਂ ਦੀਆਂ ਪੰਜ ਕੰਪਨੀਆਂ ਨੂੰ ਵੈਂਚਰ ਕੈਪੀਟਲ ਫੰਡ ਤਹਿਤ 19.40 ਕਰੋੜ ਮਨਜ਼ੂਰ ਤੇ 19.25 ਕਰੋੜ ਵੰਡੇ ਗਏ। ਐੱਨਐੱਸਐੱਫਡੀਸੀ ਰਾਹੀਂ 21,756 ਵਿਅਕਤੀਆਂ ਨੂੰ ਲਾਭ ਮਿਲਿਆ ਤੇ 2025-26 ’ਚ 1,553 ਲਾਭਪਾਤਰੀਆਂ ਨੂੰ 24.31 ਕਰੋੜ ਦਿੱਤੇ ਗਏ। ਸਟੈਂਡ-ਅੱਪ ਇੰਡੀਆ ਤਹਿਤ 388 ਐੱਸਸੀ ਖਾਤਿਆਂ ਲਈ 76.41 ਕਰੋੜ ਮਨਜ਼ੂਰ ਹੋਏ। ਪੀਐੱਮ-ਦਕਸ਼, ਵਿਸਵਾਸ਼ ਅਤੇ ਡਾ. ਅੰਬੇਡਕਰ ਮੈਡੀਕਲ ਏਡ ਸਕੀਮ ਰਾਹੀਂ ਵੀ ਸਿਖਲਾਈ, ਵਿਆਜ ਰਾਹਤ ਤੇ ਇਲਾਜ ਲਈ ਸਹਾਇਤਾ ਦਿੱਤੀ ਗਈ। ------------------------------ ਸੀਵਰ ਕਾਮਿਆਂ ਲਈ ਪ੍ਰੋਗਰਾਮ- ਵਾਲਮੀਕਿ ਭਾਈਚਾਰੇ ਬਾਰੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਤੀਰਥ ਸਥਲ ਲਈ 6.40 ਕਰੋੜ ਦੀ ਕੇਂਦਰੀ ਸਹਾਇਤਾ ਦਿੱਤੀ ਗਈ। ਸਵੱਛਤਾ ਉਦਮੀ ਯੋਜਨਾ ਤਹਿਤ 7.92 ਕਰੋੜ ਨਾਲ 22 ਪੇ-ਐਂਡ-ਯੂਜ਼ ਪਖਾਨਿਆਂ ਤੇ 22 ਸਫ਼ਾਈ ਵਾਹਨਾਂ ਨੂੰ ਸਹਾਇਤਾ ਮਿਲੀ। ਨਮਸਤੇ ਤਹਿਤ ਪੰਜਾਬ ’ਚ 4,465 ਸੀਵਰ ਤੇ ਸੈਪਟਿਕ ਟੈਂਕ ਕਰਮਚਾਰੀ ਤੇ 3,765 ਕੂੜਾ ਚੁੱਕਣ ਵਾਲੇ ਰਜਿਸਟਰਡ ਹੋਏ। ਪਛਾਣੇ ਗਏ 231 ਮੈਨੂਅਲ ਸਕੈਵੇਂਜਰਾਂ ਨੂੰ ਨਕਦ ਸਹਾਇਤਾ, 62 ਨੂੰ ਸਿਖਲਾਈ ਤੇ 46 ਨੂੰ ਪੂੰਜੀ ਸਬਸਿਡੀ ਮਿਲੀ। 2025-26 ’ਚ ਸੀਵਰ ਮੌਤਾਂ ਦੇ ਤਿੰਨ ਮਾਮਲਿਆਂ ’ਚ 37-37 ਲੱਖ ਮੁਆਵਜ਼ੇ ਦੀ ਸਹੂਲਤ ਦਿੱਤੀ ਗਈ। ਪੰਜਾਬ ’ਚ 2022-24 ਦੌਰਾਨ 494 ਸਫ਼ਾਈ ਕਰਮਚਾਰੀ ਪ੍ਰਮਾਣਿਤ ਹੋਏ ਤੇ 256 ਨੂੰ ਰੁਜ਼ਗਾਰ ਮਿਲਿਆ। 2020-24 ਦੌਰਾਨ ਪੀਐੱਮ-ਦਕਸ਼ ਤਹਿਤ 8,892 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ। --------------------------- ਵਾਲਮੀਕਿ ਹਵਾਈ ਅੱਡਾ ਸਾਂਪਲਾ ਨੇ ਕਿਹਾ ਕਿ 104ਵੇਂ ਸੰਵਿਧਾਨਕ ਸੋਧ ਕਾਨੂੰਨ ਨੇ ਐੱਸਸੀ/ਐੱਸਟੀ ਰਾਖਵੀਆਂ ਸੀਟਾਂ ਨੂੰ 25 ਜਨਵਰੀ 2030 ਤੱਕ ਵਧਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਐੱਸਸੀ ਭਾਈਚਾਰੇ ਨੂੰ ਸਨਮਾਨ ਤੇ ਮੌਕਿਆਂ ਨਾਲ ਜੋੜਿਆ ਹੈ। ਅਯੁੱਧਿਆ ਦੇ ਹਵਾਈ ਅੱਡੇ ਦਾ ਮਹਾਰਿਸ਼ੀ ਵਾਲਮੀਕਿ ਦੇ ਨਾਮ ’ਤੇ ਨਾਮ ਕਰਨ ਇਸ ਸਨਮਾਨ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ 2014-19 ਦੌਰਾਨ ਕੇਂਦਰੀ ਰਾਜ ਮੰਤਰੀ ਤੇ 2021-23 ਦੌਰਾਨ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਰਹੇ, ਜਦਕਿ ਸੋਮ ਪ੍ਰਕਾਸ਼ ਨੇ 2019-24 ਦੌਰਾਨ ਕੇਂਦਰੀ ਰਾਜ ਮੰਤਰੀ ਵਜੋਂ ਸੇਵਾ ਨਿਭਾਈ।