ਭੀੜ ਨੇ ਮੋਬਾਈਲ ਚੋਰੀ ਦੇ ਦੋਸ਼ ’ਚ ਨੌਜਵਾਨ ਨੂੰ ਕੁੱਟਿਆ ਭੀੜ ਨੇ ਮੋਬਾਈਲ ਚੋਰੀ ਦੇ ਦੋਸ਼ ’ਚ ਨੌਜਵਾਨ ਨੂੰ ਕੁੱਟਿਆ
Publish Date: Sat, 25 Jul 2026 09:53 PM (IST)
Updated Date: Sat, 25 Jul 2026 09:55 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਰਾਮ ਨਗਰ ਇਲਾਕੇ ’ਚ ਮੋਬਾਈਲ ਚੋਰੀ ਦੇ ਦੋਸ਼ ’ਚ ਇਕ ਨੌਜਵਾਨ ਦੀ ਭੀੜ ਨੇ ਕੁੱਟਮਾਰ ਕੀਤੀ। ਟਾਹਲੀ ਵਾਲਾ ਚੌਕ ਨੇੜੇ ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ, ਉਸ ਨੂੰ ਇਕ ਖੰਭੇ ਨਾਲ ਬੰਨ੍ਹ ਦਿੱਤਾ ਤੇ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ਤੇ ਇਕ ਪੁਲਿਸ ਟੀਮ ਮੌਕੇ ਤੇ ਪਹੁੰਚੀ, ਨੌਜਵਾਨ ਨੂੰ ਚੁੰਗਲ ਤੋਂ ਛੁਡਾਇਆ ਤੇ ਹਿਰਾਸਤ ’ਚ ਲੈ ਲਿਆ। ਮੁੱਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਪੁਲਿਸ ਥਾਣੇ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਤੇ ਛੱਤ ਰਾਹੀਂ ਇਕ ਕਮਰੇ ’ਚ ਦਾਖਲ ਹੋਣ ਤੇ ਦੋ ਮੋਬਾਈਲ ਫੋਨ ਚੋਰੀ ਕਰਨ ਦਾ ਦੋਸ਼ ਹੈ। ਪੁਲਿਸ ਜਾਂਚ ’ਚ ਮੁਲਜ਼ਮ ਦੀ ਪਛਾਣ ਕਿਸ਼ਨਪੁਰਾ ਵਾਸੀ ਵੰਸ਼ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਨਸ਼ੇ ਦਾ ਆਦੀ ਹੋਣ ਦੀ ਗੱਲ ਕਬੂਲ ਕੀਤੀ ਅਤੇ ਖੁਲਾਸਾ ਕੀਤਾ ਕਿ ਇਕ ਸਾਥੀ ਨਾਲ ਮਿਲ ਕੇ ਮੋਬਾਈਲ ਚੋਰੀ ਕਰਦਾ ਰਿਹਾ ਸੀ। ਉਸ ਦਾ ਸਾਥੀ ਘਟਨਾ ਦੌਰਾਨ ਮੌਕੇ ਤੋਂ ਭੱਜ ਗਿਆ ਸੀ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਮੁਲਜ਼ਮ ਵੱਖ-ਵੱਖ ਥਾਵਾਂ ਤੇ ਮੋਬਾਈਲ ਚੋਰੀ ਦੀਆਂ ਘਟਨਾਵਾਂ ’ਚ ਸ਼ਾਮਲ ਰਿਹਾ ਹੈ। ਪੁਲਿਸ ਨੇ ਉਸ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਕਿਹਾ ਕਿ ਕਾਨੂੰਨ ਨੂੰ ਹੱਥ ’ਚ ਲੈਣਾ ਕਦੇ ਵੀ ਜਾਇਜ਼ ਨਹੀਂ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਤੇ ਖੁਦ ਕਾਰਵਾਈ ਕਰਨ ਤੋਂ ਗੁਰੇਜ਼ ਕਰਨ। ਮੁਲਜ਼ਮ ਤੇ ਉਸਦੇ ਫਰਾਰ ਸਾਥੀ ਵਿਰੁੱਧ ਕਾਨੂੰਨ ਅਨੁਸਾਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।