ਸਚਿਨ ਪਾਇਲਟ ਨੂੰ ਮਿਲੇ ਵਿਧਾਇਕ ਪਰਗਟ ਸਿੰਘ, ਦਿੱਤੀਆਂ ਸ਼ੁਭਕਾਮਨਾਵਾਂ; ਕਿਹਾ- "ਇਕਜੁੱਟ ਹੋ ਕੇ ਚੁੱਕਾਂਗੇ ਲੋਕਾਂ ਦੇ ਮੁੱਦੇ"
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਵਿਧਾਇਕ ਪਰਗਟ ਸਿੰਘ ਨੇ ਇੱਕ ਅਹਿਮ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਕੀਤੀ।
Publish Date: Wed, 09 Sep 2026 12:29 PM (IST)
Updated Date: Wed, 09 Sep 2026 12:34 PM (IST)
ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਵਿਧਾਇਕ ਪਰਗਟ ਸਿੰਘ ਨੇ ਇੱਕ ਅਹਿਮ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ 'ਤੇ ਪਰਗਟ ਸਿੰਘ ਨੇ ਗਰਮਜੋਸ਼ੀ ਨਾਲ ਮੁਬਾਰਕਬਾਦ ਦਿੱਤੀ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਸ਼ਿਸ਼ਟਾਚਾਰ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਸੰਗਠਨ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਅਤੇ ਆਗਾਮੀ ਸਿਆਸੀ ਰਣਨੀਤੀਆਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ।
ਇਕਜੁੱਟਤਾ ਤੇ ਨਵੀਂ ਊਰਜਾ ਦਾ ਸੰਚਾਰ ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਚਿਨ ਪਾਇਲਟ ਦੀ ਅਗਵਾਈ, ਵਿਸ਼ਾਲ ਸੰਗਠਨਾਤਮਕ ਤਜਰਬੇ ਅਤੇ ਗਤੀਸ਼ੀਲ ਸੋਚ ਨਾਲ ਪੰਜਾਬ ਕਾਂਗਰਸ ਨੂੰ ਇੱਕ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਇੱਕ ਮਜ਼ਬੂਤ, ਸੁਹਿਰਦ ਅਤੇ ਪੂਰੀ ਤਰ੍ਹਾਂ ਇਕਜੁੱਟ ਟੀਮ ਵਜੋਂ ਮੈਦਾਨ ਵਿੱਚ ਨਿੱਤਰੇਗੀ।
ਜਨਤਾ ਦੇ ਮੁੱਦਿਆਂ 'ਤੇ ਡਟਣ ਦਾ ਅਹਿਦ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਹਮੇਸ਼ਾ ਵਚਨਬੱਧ ਰਹੀ ਹੈ। ਨਵੀਂ ਲੀਡਰਸ਼ਿਪ ਦੀ ਦੇਖ-ਰੇਖ ਹੇਠ ਪਾਰਟੀ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵੀ ਬੁਲੰਦ ਆਵਾਜ਼ ਨਾਲ ਚੁੱਕੇਗੀ। ਪਾਰਟੀ ਦਾ ਹਰ ਵਰਕਰ ਅਤੇ ਆਗੂ ਇੱਕਜੁੱਟ ਹੋ ਕੇ ਲੋਕਾਂ ਦੇ ਦੁੱਖ-ਦਰਦ ਵਿੱਚ ਸ਼ਾਮਲ ਹੋਵੇਗਾ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਅੱਗੇ ਬੇਨਕਾਬ ਕਰੇਗਾ।
ਸਚਿਨ ਪਾਇਲਟ ਨੇ ਵੀ ਪੰਜਾਬ ਦੇ ਆਗੂ ਵਿਧਾਇਕ ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਕਾਂਗਰਸ ਦੇ ਹਰ ਵਰਕਰ ਅਤੇ ਲੀਡਰਸ਼ਿਪ ਨਾਲ ਮਿਲ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਲੈ ਜਾਣ ਲਈ ਦਿਨ-ਰਾਤ ਮਿਹਨਤ ਕਰਨਗੇ।