- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਟ ਚੈੱਕ ਪੋਸਟਾਂ 'ਤੇ ਆਮ ਜਨਤਾ ਖਾਸਕਰ ਔਰਤਾਂ ਦੀ ਖੱਜਲ-ਖੁਆਰੀ 'ਤੇ ਭੜਕੇ ਵਿਧਾਇਕ ਪਰਗਟ ਸਿੰਘ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ :
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਜਲੰਧਰ ਕੈਂਟ ਤੋਂ ਹਲਕਾ ਵਿਧਾਇਕ ਪਰਗਟ ਸਿੰਘ ਨੇ ਇਲਾਕੇ ਦੇ ਆਮ ਲੋਕਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਵਿਧਾਨ ਸਭਾ ਦੇ ਫਲੋਰ 'ਤੇ ਬੋਲਦਿਆਂ ਵਿਧਾਇਕ ਨੇ ਦੋਸ਼ ਲਗਾਇਆ ਕਿ ਕੈਂਟ ਖੇਤਰ ਵਿੱਚ ਸੁਰੱਖਿਆ ਅਤੇ ਚੈਕਿੰਗ ਦੇ ਨਾਂ 'ਤੇ ਬਣਾਏ ਗਏ ਨਾਕਿਆਂ 'ਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਔਰਤਾਂ ਦੀ ਚੈਕਿੰਗ ਮੇਲ ਸਟਾਫ ਵੀ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਬੇਹੱਦ ਚਿੰਤਾਜਨਕ ਹਨ। ਕੈਂਟ ’ਚ ਦਹਾਕਿਆਂ ਤੋਂ ਰਹਿ ਰਹੇ ਸਿਵਲੀਅਨਜ਼ ਦੀ ਸੁਖਾਲੀ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਵਕਾਲਤ ਕਰਦਿਆਂ ਪਿਛਲੇ ਸਮੇਂ ਪ੍ਰਸਤਾਵਿਤ ਕੀਤੀ ਗਈ ਪੇਰੀਫੇਰੀ ਰੋਡ ਬਾਰੇ ਗੱਲ ਕੀਤੀ ਤੇ ਕਿਹਾ ਕਿ ਉਸ ਦਾ ਕਾਫੀ ਕੰਮ ਹੋ ਚੁੱਕਾ ਹੈ, ਰਹਿੰਦਾ ਕੰਮ ਵੀ ਸਿਰੇ ਚੜ੍ਹਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
---
ਕੈਂਟ ’ਚ ਪੀੜ੍ਹੀਆਂ ਤੋਂ ਰਹਿ ਰਹੇ ਨੇ ਲੋਕ
ਵਿਧਾਇਕ ਪਰਗਟ ਸਿੰਘ ਨੇ ਸਦਨ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਜਲੰਧਰ ਕੈਂਟ ਸਿਰਫ਼ ਇੱਕ ਫੌਜੀ ਛਾਉਣੀ ਹੀ ਨਹੀਂ ਹੈ, ਸਗੋਂ ਇੱਥੇ ਪੀੜ੍ਹੀਆਂ ਤੋਂ ਵੱਡੀ ਗਿਣਤੀ ਵਿੱਚ ਸਿਵਲ ਆਬਾਦੀ ਵੀ ਨਿਵਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਟ ਖੇਤਰ ਦੇ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹਨ। ਸੁਰੱਖਿਆ ਦੇ ਨਾਂ 'ਤੇ ਰੋਜ਼ਾਨਾ ਆਮ ਲੋਕਾਂ, ਕੰਮਕਾਜੀ ਔਰਤਾਂ ਅਤੇ ਸਕੂਲ-ਕਾਲਜ ਜਾਣ ਵਾਲੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਬਰਦਾਸ਼ਤ ਨਹੀਂ। ਚੈੱਕ ਪੋਸਟਾਂ 'ਤੇ ਤਾਇਨਾਤ ਅਮਲੇ ਵੱਲੋਂ ਔਰਤਾਂ ਦੀ ਕੀਤੀ ਜਾਂਦੀ ਚੈਕਿੰਗ ਕਈ ਵਾਰ ਅਜਿਹਾ ਮਾਹੌਲ ਸਿਰਜ ਦਿੰਦੀ ਹੈ, ਜਿਸ ਨਾਲ ਸਥਿਤੀ ਅਜੀਬੋ ਗਰੀਬ ਹੋ ਜਾਦੀ ਹੈ। ਉਨ੍ਹਾਂ ਵਿਧਾਨ ਸਭਾ ਰਾਹੀਂ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਫੌਜੀ ਸੁਰੱਖਿਆ ਅਤੇ ਨਾਗਰਿਕ ਸੁਵਿਧਾ ਵਿਚਕਾਰ ਤਾਲਮੇਲ ਬਣਾ ਕੇ ਇਸ ਦਾ ਤੁਰੰਤ ਕੋਈ ਯੋਗ ਹੱਲ ਕੱਢਿਆ ਜਾਵੇ।
---
ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ
ਪਰਗਟ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਮੁੱਦੇ ਨੂੰ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨਾਲ ਚੁੱਕਿਆ ਜਾਵੇ ਤਾਂ ਜੋ ਕੈਂਟ ਖੇਤਰ ਦੇ ਸਿਵਲੀਅਨਜ਼ ਲਈ ਆਵਾਜਾਈ ਦੇ ਰਸਤੇ ਸੁਖਾਲੇ ਕੀਤੇ ਜਾ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਪਰ ਸੁਰੱਖਿਆ ਦੀ ਆੜ ’ਚ ਸਥਾਨਕ ਨਾਗਰਿਕਾਂ ਅਤੇ ਔਰਤਾਂ ਦੀ ਇੱਜ਼ਤ-ਮਾਣ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਉਣ ਲਈ ਹਰ ਪੱਧਰ 'ਤੇ ਆਵਾਜ਼ ਬੁਲੰਦ ਕਰਦੇ ਰਹਿਣਗੇ।