- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਨਵੇਂ ਬਣ ਰਹੇ ਡਿਸਪੋਜ਼ਲ

-ਨਵੇਂ ਬਣ ਰਹੇ ਡਿਸਪੋਜ਼ਲ ਦਾ ਜਾਇਜ਼ਾ ਲਿਆ, ਕਈ ਥਾਵਾਂ ਤੋਂ ਸੀਵਰੇਜ ਪਾਈਪ ਬਦਲਿਆ
- ਕਿਹਾ, ਸੀਵਰੇਜ ਸਮੱਸਿਆ ਕਾਰਨ ਡਿੱਗ ਰਹੇ ਜ਼ਮੀਨਾਂ ਦੇ ਰੇਟ, ਬੱਚਿਆਂ ਦੇ ਰਿਸ਼ਤੇ ਵੀ ਨਹੀਂ ਹੋ ਰਹੇ
ਜਾਸ, ਜਲੰਧਰ : ਨਾਰਥ ਹਲਕੇ ਦੇ ਵਾਰਡ ਨੰਬਰ 2 ਦੇ ਅਧੀਨ ਆਉਂਦੇ ਬਚਿੰਤ ਨਗਰ, ਹਰਗੋਬਿੰਦ ਨਗਰ ਅਤੇ ਪਰਸ਼ੂਰਾਮ ਨਗਰ ’ਚ ਪਿਛਲੇ 3 ਸਾਲਾਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਦੇ ਹੱਲ ਲਈ ਨਾਰਥ ਵਿਧਾਨ ਸਭਾ ਦੇ ਵਿਧਾਇਕ ਬਾਵਾ ਹੈਨਰੀ ਨੇ ਸ਼ਨਿਚਰਵਾਰ ਨੂੰ ਮੋਰਚਾ ਖੋਲ੍ਹ ਦਿੱਤਾ। ਵਿਧਾਇਕ ਨੇ ਲਗਪਗ 7 ਘੰਟੇ ਤੱਕ ਇਲਾਕੇ ’ਚ ਡੇਰਾ ਲਾਈ ਰੱਖਿਆ ਤੇ ਨਗਰ ਨਿਗਮ ਦੀ ਪੂਰੀ ਟੀਮ ਨੂੰ ਮੌਕੇ 'ਤੇ ਸੱਦ ਕੇ ਸਮੱਸਿਆਵਾਂ ਦਾ ਨਿਬੇੜਾ ਕਰਵਾਇਆ।
ਵਿਧਾਇਕ ਬਾਵਾ ਹੈਨਰੀ ਨੇ ਇਲਾਕੇ ਦੇ ਕੌਂਸਲਰ ਹਰਪ੍ਰੀਤ ਵਾਲੀਆ ਦੇ ਨਾਲ ਰਲ ਕੇ ਪੂਰੇ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਗਲੀਆਂ, ਸੀਵਰੇਜ ਸਿਸਟਮ ਤੇ ਖਰਾਬ ਪਾਈਪਲਾਈਨਾਂ ਦਾ ਨਿਰੀਖਣ ਕੀਤਾ। 7 ਘੰਟੇ ਤੱਕ ਅਧਿਕਾਰੀਆਂ ਨਾਲ ਬੈਠਕ ਕਰਕੇ ਚਰਚਾ ਕੀਤੀ ਤੇ ਮੌਕੇ 'ਤੇ ਹੀ ਕਈ ਸਮੱਸਿਆਵਾਂ ਦਾ ਹੱਲ ਕਰਵਾਈਆਂ। ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਪਿਛਲੇ 3 ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅੱਜ ਤੱਕ ਇਸ ਇਲਾਕੇ ’ਚ ਪਾਣੀ ਦੀ ਨਿਕਾਸ ਦਾ ਕੋਈ ਠੋਸ ਪ੍ਰਬੰਧ ਨਹੀਂ ਹੋ ਸਕਿਆ। ਕਈ ਥਾਵਾਂ 'ਤੇ ਸੀਵਰੇਜ ਲਾਈਨਾਂ ਧਸ ਗਈਆਂ ਸਨ, ਜਿਸ ਕਾਰਨ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਸੀ। ਕੁਝ ਥਾਵਾਂ 'ਤੇ ਪੁਰਾਣੀ ਪਾਈਪਲਾਈਨ ਬਦਲੀ ਵੀ ਗਈ ਹੈ ਪਰ ਪੂਰੀ ਤਰ੍ਹਾਂ ਨਿਕਾਸੀ ਨਾ ਹੋਣ ਕਾਰਨ ਸਥਿਤੀ ਜਿਉਂ ਦੀ ਤਿਉਂ ਹੈ। ਹਰਗੋਬਿੰਦ ਨਗਰ ਦੀ ਮੰਨਾ ਮਾਰਕੀਟ ’ਚ ਸੀਵਰੇਜ ਦਾ ਪਾਣੀ ਸੜਕ 'ਤੇ ਖੜ੍ਹਾ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਵਿਧਾਇਕ ਦੇ ਨਿਰਦੇਸ਼ 'ਤੇ ਮੌਕੇ 'ਤੇ ਪੁੱਜੀ ਨਿਗਮ ਟੀਮ ਨੇ ਤੁਰੰਤ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ। ਦੁਪਹਿਰ ਬਾਅਦ ਹਰਗੋਬਿੰਦ ਨਗਰ, ਮੰਨਾ ਮਾਰਕੀਟ ਤੇ ਬਚਿੰਤ ਨਗਰ ਤੋਂ ਪਾਣੀ ਦੀ ਨਿਕਾਸ ਸ਼ੁਰੂ ਹੋ ਗਈ। ਵਿਧਾਇਕ ਬਾਵਾ ਹੈਨਰੀ ਨੇ ਟ੍ਰਾਂਸਪੋਰਟ ਨਗਰ ’ਚ ਬਣ ਰਹੇ ਨਵੇਂ ਡਿਸਪੋਜ਼ਲ ਦਾ ਵੀ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਇਸਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਵੀ ਸੀਵਰੇਜ ਸਿਸਟਮ ਨੂੰ ਜਾਣਬੁੱਝ ਕੇ ਠੀਕ ਨਹੀਂ ਕੀਤਾ ਜਾ ਰਿਹਾ ਸੀ। ਵਾਰ-ਵਾਰ ਸ਼ਿਕਾਇਤਾਂ ਤੇ ਬੈਠਕਾਂ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਸਿਰਫ ਖਾਨਾਪੂਰੀ ਕਰਦੇ ਰਹੇ। ਇਲਾਕੇ ਦੇ ਲੋਕਾਂ ਨੇ ਵਿਧਾਇਕ ਨੂੰ ਦੱਸਿਆ ਕਿ ਸਾਲ ’ਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੁੰਦਾ ਹੈ, ਜਦੋਂ ਇਲਾਕਿਆਂ ਦੀਆਂ ਸੜਕਾਂ ਤੋਂ ਸੀਵਰੇਜ ਦਾ ਪਾਣੀ ਨਾ ਭਰਿਆ ਹੋਵੇ। ਬਰਸਾਤ ਦੇ ਦਿਨਾਂ ’ਚ ਗੰਦਗੀ ਤੇ ਬਦਬੂ ਕਾਰਨ ਲੋਕਾਂ ਦੀਆਂ ਜਾਇਦਾਂ ਦੇ ਰੇਟ ਡਿੱਗ ਗਏ ਹਨ। ਇਥੇ ਤੱਕ ਕਿ ਲੋਕਾਂ ਦੇ ਘਰਾਂ ’ਚ ਰਿਸ਼ਤੇਦਾਰ ਵੀ ਨਹੀਂ ਆਉਂਦੇ ਤੇ ਬੱਚਿਆਂ ਦੇ ਰਿਸ਼ਤੇ ਵੀ ਨਹੀਂ ਹੋ ਰਹੇ।
ਵਿਧਾਇਕ ਬਾਵਾ ਹੈਨਰੀ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਅਗਲੇ ਇਕ ਹਫ਼ਤੇ ’ਚ ਪੂਰੇ ਵਾਰਡ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਅਤੇ ਜ਼ਰੂਰੀ ਥਾਵਾਂ 'ਤੇ ਨਵੀਂ ਪਾਈਪਲਾਈਨ ਪਾਉਣ ਦਾ ਕੰਮ ਪੂਰਾ ਕੀਤਾ ਜਾਵੇ। ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣਾ ਸਰਕਾਰ ਤੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹੈ। ਇਸ ਮੌਕੇ ਨਿਗਮ ਦੇ ਟੈਕਨੀਕਲ ਐਡਵਾਈਜ਼ਰ ਸਤਿੰਦਰ ਕੁਮਾਰ, ਐੱਸਡੀਓ, ਜੇਈ, ਹੋਰ ਅਧਿਕਾਰੀ ਤੇ ਇਲਾਕੇ ਦੇ ਲੋਕ ਹਾਜ਼ਰ ਰਹੇ।