
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਰਐੱਸਐੱਸ ਦੇਸ਼ ਦੀ ਫੁੱਲਵਾੜੀ ਨੂੰ ਇਕ ਰੰਗੀ ਕਿਆਰੀ ’ਚ ਬਦਲਣ ਦੀ ਫਿਰਾਕ ’ਚ- ਬੰਤ ਬਰਾੜ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਜਿਸ ਦੌਰ ’ਚ ਦੇਸ਼ ਦੇ ਵਿਸ਼ਵ ਗੁਰੂ ਹੋਣ ਦਾ ਭਾਜਪਾ ਤੇ ਕੇਂਦਰੀ ਸਰਕਾਰ ਵੱਲੋਂ ਗੁੰਮਰਾਹਕੁਨ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਸੇ ਵੇਲੇ ਪੂਰੇ ਸੰਸਾਰ ਨੂੰ ਡਰਾਉਣ ਧਮਕਾਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਨੂੰ ਜਦੋਂ ਮਰਜ਼ੀ ਘੁਰਕੀ ਮਾਰ ਦਿੰਦੇ ਹਨ। 'ਵਿਸ਼ਵ ਗੁਰੂ' ਕਦੇ ਜੁਰਅਤ ਨਹੀਂ ਕਰਦਾ ਕਿ ਅਮਰੀਕਾ ਨੂੰ ਮੋੜਵਾਂ ਜਵਾਬ ਦਿੱਤਾ ਜਾਵੇ। ਇਸੇ ਸੰਦਰਭ ’ਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਕ ਸਤੰਬਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ 'ਬਦਲਾਅ ਜ਼ਰੂਰੀ ਹੈ' ਦੇਸ਼ ਵਿਆਪੀ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ। ਉਕਤ ਦਾ ਪ੍ਰਗਟਾਵਾ ਸੀਪੀਆਈ ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਬੰਤ ਸਿੰਘ ਬਰਾੜ ਨੇ ਪ੍ਰੈੱਸ ਦੇ ਨਾਂ ਜਾਰੀ ਇਕ ਬਿਆਨ ’ਚ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੇਂਦਰੀ ਹਾਕਮਾਂ ਵੱਲੋਂ ਅਸਲ ਮੁੱਦਿਆਂ ਨੂੰ ਦਰਕਿਨਾਰ ਕਰਕੇ ਜਾਤਾਂ ਤੇ ਧਰਮਾਂ ਅੰਦਰ ਨਫਰਤੀ ਪਾੜਾ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਰਐੱਸਐੱਸ ਦੀ ਤੈਅਸ਼ੁਦਾ ਨੀਤੀ ਅਨੁਸਾਰ ਦੇਸ਼ ਦੀ ਫੁਲਵਾੜੀ ਨੂੰ ਇੱਕ ਰੰਗੀ ਕਿਆਰੀ ’ਚ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦਿੱਲੀ ਦੇ ਰਾਮ ਲੀਲਾ ਮੈਦਾਨ ’ਚ ਕੀਤੀ ਜਾ ਰਹੀ ਰੈਲੀ ਠੀਕ ਸੇਧਾਂ ਦਿੰਦੀ ਹੋਈ ਸਫਲ ਹੋਵੇਗੀ।