ਨਾਜਾਇਜ਼ ਝੁੱਗੀਆਂ ਤੋੜਨ ਪੁੱਜੀ ਟੀਮ ’ਤੇ ਪਰਵਾਸੀਆਂ ਨੇ ਕੀਤਾ ਪਥਰਾਅ ਸਹੀਦ ਭਗਤ ਸਿੰਘ ਕਾਲੋਨੀ ’ਚ ਬਣੀਆਂ ਨਾਜਾਇਜ਼ ਝੁੱਗੀਆਂ ਤੋੜਨ ਪੁੱਜੀ ਟੀਮ ਤੇ ਪ੍ਰਵਾਸੀਆਂ ਨੇ ਕੀਤਾ ਪੱਥਰਾ
Publish Date: Thu, 05 Nov 2026 08:44 PM (IST)
Updated Date: Thu, 05 Nov 2026 08:47 PM (IST)
ਸ਼ਹੀਦ ਭਗਤ ਸਿੰਘ ਕਾਲੋਨੀ ’ਚ ਬਣੀਆਂ ਹਨ ਝੁੱਗੀਆਂ ਇਕ ਔਰਤ ਸਣੇ ਦੋ ਲੋਕ ਹਿਰਾਸਤ ’ਚ ਲਏ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ਼ਹੀਦ ਭਗਤ ਸਿੰਘ ਕਾਲੋਨੀ ’ਚ ਬਣੀਆਂ ਨਾਜਾਇਜ਼ ਝੁਗੀਆਂ ’ਤੇ ਕਾਫੀ ਦਿਨ ਪਹਿਲਾਂ ਨੋਟਿਸ ਦੇਣ ਦੇ ਬਾਵਜੂਦ ਮਿੱਥੇ ਸਮੇਂ ਮਗਰੋਂ ਕਾਰਵਾਈ ਕਰਨ ਪੁੱਜੀ ਨਗਰ ਨਿਗਮ ਦੀ ਟੀਮ ’ਤੇ ਝੁੱਗੀਆਂ ’ਚ ਰਹਿ ਰਹੇ ਲੋਕਾਂ ਵੱਲੋਂ ਪਥਰਾਅ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਭੜਕੇ ਪਰਵਾਸੀਆਂ ਵੱਲੋਂ ਜੇਸੀਬੀ ਮੁਲਾਜ਼ਮ ਤੋਂ ਇਲਾਵਾ ਕਾਲੋਨੀ ਵਾਸੀਆਂ ’ਤੇ ਵੀ ਪਥਰਾਅ ਕੀਤਾ ਗਿਆ। ਥਾਣਾ ਇਕ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਔਰਤ ਸਮੇਤ ਦੋ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਹਿਰਾਸਤ ’ਚ ਲਈ ਗਈ ਔਰਤ ਸਰਕਾਰੀ ਨੌਕਰੀ ’ਤੇ ਹੋਣ ਕਾਰਨ ਆਪਣਾ ਮਕਾਨ ਕਿਰਾਏ ’ਤੇ ਦੇ ਕੇ ਝੁੱਗੀਆਂ ’ਚ ਰਹਿ ਰਹੀ ਹੈ। ਥਾਣਾ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਲੋਕਾਂ ’ਤੇ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਗੁੱਸੇ ’ਚ ਆਏ ਲੋਕਾਂ ਨੇ ਪੱਥਰਬਾਜ਼ੀ ਕਰਦੇ ਇਕ ਪਰਵਾਸੀ ਨੂੰ ਕਾਬੂ ਕਰ ਕੇ ਕੁੱਟਮਾਰ ਕੀਤੀ। ਪਰਵਾਸੀਆਂ ਦਾ ਦੋਸ਼ ਹੈ ਕਿ ਇਹ ਕਾਰਵਾਈ ਬਿਨਾਂ ਕਿਸੇ ਨੋਟਿਸ ਦੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਇਕ ਪਰਵਾਸੀ ਦੀ ਪਤਨੀ ਲਲਿਤ ਉੱਤਰ ਪ੍ਰਦੇਸ਼ ’ਚ ਸਰਕਾਰੀ ਨੌਕਰੀ ਕਰਦੀ ਹੈ। ਉਸ ਦਾ ਪਰਿਵਾਰ ਵੀ ਝੁੱਗੀਆਂ ’ਚ ਰਹਿ ਰਿਹਾ ਹੈ। ਕੁਝ ਪਰਵਾਸੀਆਂ ਨੇ ਸ਼ੁਭਮ ਵਿਹਾਰ ’ਚ ਦੋ ਪੱਕੇ ਘਰ ਬਣਾਏ ਹਨ ਤੇ ਉਨ੍ਹਾਂ ਨੂੰ ਕਿਰਾਏ ’ਤੇ ਦਿੱਤਾ ਹੈ। ਉਹ ਖੁਦ ਇੱਥੇ ਗੈਰ-ਕਾਨੂੰਨੀ ਝੁੱਗੀਆਂ ’ਚ ਰਹਿ ਰਹੇ ਹਨ। ਪਰਵਾਸੀਆਂ ਨੇ ਦੋਸ਼ ਲਗਾਏ ਕਿ ਇੱਥੇ ਲੱਖਾ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਕੋਲੋਂ 3000 ਦੀ ਨਕਦੀ ਲੈ ਕੇ ਉਨਾਂ ਨੂੰ ਰਾਸ਼ਨ ਕਾਰਡ, ਆਧਾਰ ਕਾਰਡ ਆਦਿ ਬਣਵਾ ਕੇ ਦਿੱਤੇ ਹਨ। ਉਹੀ ਵਿਅਕਤੀ ਉਨਾਂ ਦੀਆਂ ਝੁੱਗੀਆਂ ਢਾਹੁਣ ’ਚ ਸਹਿਯੋਗ ਕਰ ਰਿਹਾ ਹੈ। ਇਸ ਸਬੰਧੀ ਲੱਖਾ ਸਿੰਘ ਨੇ ਦੱਸਿਆ ਕਿ ਪਰਵਾਸੀਆਂ ਵੱਲੋਂ ਲਗਾਏ ਗਏ ਦੋਸ਼ ਗਲਤ ਹਨ ਜਦਕਿ ਉਨਾਂ ਨੇ ਪਰਵਾਸੀਆਂ ਨੂੰ ਮੁਫਤ ’ਚ ਪਛਾਣ ਪੱਤਰ ਬਣਾ ਕੇ ਦਿੱਤੇ ਸਨ। ਉਸ ਦਾ ਕਹਿਣਾ ਹੈ ਕਿ ਉਹ ਨਾਜਾਇਜ਼ ਝੁੱਗੀਆਂ ਨੂੰ ਤੁੜਵਾ ਕੇ ਹੀ ਸਾਹ ਲਵੇਗਾ। ਸ਼ਹੀਦ ਭਗਤ ਸਿੰਘ ਕਾਲੋਨੀ ’ਚ ਰਹਿ ਰਹੇ ਸਨਅਤਕਾਰ ਦੀਪਕ ਸੂਰੀ ਨੇ ਪਰਵਾਸੀਆਂ ਦੇ ਹੱਕ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਨਿੱਜੀ ਤੌਰ ’ਤੇ ਕਰਵਾ ਕੇ ਲੋਕਾਂ ਨੂੰ ਤੰਗ ਕੀਤਾ ਰਿਹਾ ਹੈ।