ਸਬਜ਼ੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਦਿਖਾਈ ਇਮਾਨਦਾਰੀ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਦਿਖਾਈ ਇਮਾਨਦਾਰੀ
Publish Date: Sun, 01 Nov 2026 08:08 PM (IST)
Updated Date: Sun, 01 Nov 2026 08:11 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੇ ਦਿਨ ਅੱਪਰਾ ਵਿਖੇ ਵੀ ਇਮਾਨਦਾਰੀ ਦੀ ਇਕ ਅਜਿਹੀ ਹੀ ਘਟਨਾ ਵਾਪਰੀ, ਜਦੋਂ ਇਕ ਮਿਹਨਤਕਸ਼ ਪ੍ਰਵਾਸੀ ਮਜ਼ਦੂਰ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਉਸਨੂੰ 40 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਈਲ ਫੋਨ ਵਾਪਿਸ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਪੁੱਤਰ ਚੰਪਤ ਲਾਲ ਪਿੰਡ ਪਰਸਰਾਮਪੁਰ ਜਿਲਾ ਬਰੇਲੀ (ਯੂਪੀ) ਨੇ ਦੱਸਿਆ ਕਿ ਮੈਂ ਪਿਛਲੇ ਲਗਪਗ 17 ਸਾਲਾਂ ਤੋਂ ਕਸਬਾ ਅੱਪਰਾ ਵਿਖੇ ਰਹਿ ਰਿਹਾ ਹਾਂ ਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾਂ ਹਾਂ। ਉਸਨੇ ਅੱਗੇ ਦੱਸਿਆ ਮੈਂ ਸ਼ਾਮ ਦੇ ਸਮੇਂ ਅੱਪਰਾ-ਛੋਕਰਾਂ ਚੌਕ ’ਚ ਸਬਜ਼ੀ ਵਾਲਾ ਆਟੋ ਲਗਾ ਕੇ ਸਬਜ਼ੀ ਵੇਚਦਾ ਹਾਂ। ਬੀਤੀ ਸ਼ਾਮ ਲਗਪਗ 3-30 ਵਜੇ ਜਦੋਂ ਮੈਂ ਸਬਜੀ ਵੇਚ ਰਿਹਾ ਸੀ ਤਾਂ ਇਕ ਔਰਤ ਮੇਰੇ ਕੋਲ ਸਬਜ਼ੀ ਖਰੀਦਣ ਲਈ ਆਈ। ਉਕਤ ਮਹਿਲਾ ਸਬਜ਼ੀ ਖਰੀਦ ਕੇ ਚਲੀ ਗਈ ਪਰੰਤੂ ਆਪਣਾ ਇਕ ਲਿਫਾਫਾ ਮੇਰੀ ਸਬਜ਼ੀ ਕੋਲ ਹੀ ਭੁੱਲ ਗਈ। ਮਹਿੰਦਰ ਪਾਲ ਨੇ ਦੱਸਿਆ ਕਿ ਜਦੋਂ ਮੈਂ ਉਕਤ ਲਿਫਾਫਾ ਖੋਲ ਕੇ ਦੇਖਿਆ ਤਾਂ ਉਸ ’ਚ 40 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਈਲ ਫੋਨ, ਬੈਂਕ ਦੀ ਪਾਸ ਬੁੱਕ ਤੇ ਹੋਰ ਸਾਮਾਨ ਸੀ, ਜੋ ਕਿ ਮੈਂ ਸੰਭਾਲ ਕੇ ਰੱਖ ਲਿਆ। ਅੱਜ ਉਕਤ ਮਹਿਲਾ ਆਪਣਾ ਸਾਮਾਨ ਲੱਭਦੀ ਹੋਈ ਦੁਬਾਰਾ ਮੇਰੇ ਕੋਲ ਆਈ ਤਾਂ ਮੇਂ ਉਕਤ ਲਿਫਾਫਾ ਉਨਾਂ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਸਾਮਾਨ ਦੀ ਮਾਲਕ ਮਹਿਲਾ ਚਰਨਜੀਤ ਕੌਰ ਵਾਸੀ ਪਿੰਡ ਚਾਹਲ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਨੇ ਦੱਸਿਆ ਕਿ ਅੱਜ ਦੇ ਦੌਰ ’ਚ ਕੋਈ ਵਿਰਲਾ ਹੀ ਇਮਾਨਦਾਰ ਤੇ ਨੇਕ ਇਰਾਦੇ ਦਾ ਮਾਲਕ ਹੈ। ਚਰਨਜੀਤ ਕੌਰ ਨੇ ਨੌਜਵਾਨ ਮਹਿੰਦਰ ਪਾਲ ਦਾ ਧੰਨਵਾਦ ਕਰਦਿਆਂ ਉਸਦੀ ਇਮਾਨਦਾਰੀ ਤੇ ਨੇਕ ਦਿਲੀ ਦੀ ਪ੍ਰਸੰਸਾ ਕੀਤੀ।