- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੰਥੈਟਿਕ ਨਸ਼ਾ ਛੁਡਾਉਣ ਲਈ ਕਾਰਗਰ ਸਾਬਤ ਹੋ ਰਹੀ ਹੈ ਮੈਥਾਡੋਨ ਮੈਂਟੇਨੈਂਸ ਥੈਰੇਪੀ – ਸਿਵਲ ਸਰਜਨ ਡਾ. ਰਾਜੇਸ਼ ਗਰਗ

ਸਿਹਤ ਪ੍ਰਤੀਨਿਧ, ਪੰਜਾਬੀ ਜਾਗਰਣ ਜਲੰਧਰ
ਸਿੰਥੈਟਿਕ ਨਸ਼ਾ ਛੁਡਾਉਣ ਲਈ ਮੈਥਾਡੋਨ ਮੈਂਟੇਨੈਂਸ ਥੈਰੇਪੀ ਕਾਰਗਰ ਸਾਬਤ ਹੋ ਰਹੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿਖੇ ਸਿੰਥੈਟਿਕ ਨਸ਼ੇ ਦੀ ਲਤ ਤੋਂ ਪੀੜਤ ਮਰੀਜ਼ਾਂ ਦੇ ਮੁਫ਼ਤ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਮੈਥਾਡੋਨ ਮੈਂਟੇਨੈਂਸ ਥੈਰੇਪੀ ਸਫ਼ਲਤਾ ਪੂਰਵਕ ਚਲਾਈ ਜਾ ਰਹੀ ਹੈ।
ਸਿਵਲ ਸਰਜਨ ਡਾ. ਗਰਗ ਨੇ ਦੱਸਿਆ ਕਿ ਇਹ ਥੈਰੇਪੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ, ਜੋ ਹੈਰੋਇਨ ਤੇ ਹੋਰ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਮਰੀਜ਼ਾਂ ਲਈ ਬਹੁਤ ਕਾਰਗਰ ਸਾਬਤ ਹੋ ਰਹੀ ਹੈ। ਮੈਥਾਡੋਨ ਥੈਰੇਪੀ ਮਰੀਜ਼ਾਂ ਦੇ ਦਿਮਾਗ ਵਿੱਚ ਨਸ਼ੇ ਦੀ ਤਲਬ ਨੂੰ ਘਟਾਉਂਦੀ ਹੈ ਤੇ ਛੱਡਣ ਦੌਰਾਨ ਹੋਣ ਵਾਲੀਆਂ ਸਰੀਰਕ ਤਕਲੀਫ਼ਾਂ ਤੋਂ ਰਾਹਤ ਦਿਵਾਉਂਦੀ ਹੈ। ਇਹ ਇਲਾਜ ਪੂਰੀ ਤਰ੍ਹਾਂ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਦਿੱਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ ਅਤੇ ਇਕ ਨਵੀਂ, ਸਨਮਾਨਜਨਕ ਜ਼ਿੰਦਗੀ ਜੀਅ ਸਕਣ। ਉਨ੍ਹਾਂ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਦੇ ਪਰਿਵਾਰ ਦਾ ਜਾਂ ਆਸ-ਪਾਸ ਕੋਈ ਵੀ ਵਿਅਕਤੀ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸਿਵਲ ਹਸਪਤਾਲ ਜਲੰਧਰ ’ਚ ਆ ਕੇ ਇਸ ਮੁਫ਼ਤ ਸਹੂਲਤ ਦਾ ਲਾਭ ਉਠਾਉਣ।
ਇਸ ਸਬੰਧੀ ਡਾ. ਅਭੈਰਾਜ ਨੇ ਹੋਰ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸਿਰਫ ਦਵਾਈ ਹੀ ਨਹੀਂ, ਬਲਕਿ ਮਰੀਜ਼ਾਂ ਦੇ ਸੰਪੂਰਨ ਸੁਧਾਰ ਲਈ ਬਹੁ-ਪੱਖੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੈਥਾਡੋਨ ਥੈਰੇਪੀ ਦੇ ਨਾਲ-ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਨੋਵਿਗਿਆਨਕ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ। ਮਰੀਜ਼ਾਂ ਦੀ ਰੋਜ਼ਾਨਾ ਨਿਗਰਾਨੀ ਤੇ ਨਿਯਮਿਤ ਫ਼ਾਲੋ-ਅੱਪ ਦੀ ਸਹੂਲਤ ਉਪਲੱਬਧ ਹੈ ਤਾਂ ਜੋ ਮਰੀਜ਼ ਦੁਬਾਰਾ ਨਸ਼ੇ ਦੀ ਗ੍ਰਿਫ਼ਤ ਵਿੱਚ ਨਾ ਜਾਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗਰਗ ਨੇ ਦੱਸਿਆ ਕਿ ਇਹ ਥੈਰੇਪੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ, ਜੋ ਹੈਰੋਇਨ ਤੇ ਹੋਰ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਮਰੀਜ਼ਾਂ ਲਈ ਬਹੁਤ ਕਾਰਗਰ ਸਾਬਤ ਹੋ ਰਹੀ ਹੈ।