ਐੱਚਐੱਮਵੀ ’ਚ ਯੋਗ ਦਿਵਸ ’ਤੇ ਸਿਹਤਮੰਦ ਜੀਵਨ ਦਾ ਦਿਤਾ ਸੰਦੇਸ਼
ਐੱਚਐੱਮਵੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਸਿਹਤਮੰਦ ਜੀਵਨ ਦਾ ਦਿਤਾ ਸੰਦੇਸ਼
Publish Date: Sun, 21 Jun 2026 08:16 PM (IST)
Updated Date: Mon, 22 Jun 2026 04:13 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਹੰਸ ਰਾਜ ਮਹਿਲਾ ਮਹਾ ਵਿਦਿਆਲਾ, ਆਰੀਆ ਪ੍ਰਤੀਨਿੱਧ ਉਪ ਸਭਾ, ਪੰਜਾਬ ਇਕਾਈ ਦੇ ਸਾਂਝੇ ਉਪਰਾਲੇ ਤੇ ਕਾਲਜ ਸਟੂਡੈਂਟ ਕੌਂਸਲ, ਐੱਨਐੱਸਐੱਸ, ਐੱਨਸੀਸੀ ਤੇ ਕਾਲਜ ਦੇ ਸਪੋਰਟਸ ਵਿੰਗ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਰੀਆ ਉਪ ਸਭਾ ਪੰਜਾਬ ਦੇ ਪ੍ਰਧਾਨ ਡਾ. ਜੇ.ਪੀ. ਸ਼ੂਰ, ਉਪ ਸਰਪ੍ਰਸਤ ਕੁੰਦਨ ਲਾਲ ਅਗਰਵਾਲ ਅਤੇ ਡੀ.ਏ.ਵੀ. ਸੀ.ਐੱਮ.ਸੀ., ਨਵੀਂ ਦਿੱਲੀ ਦੇ ਸਕੱਤਰ ਅਜੈ ਗੋਸਵਾਮੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਇਸ ਸਾਲ ਦੇ ਵਿਸ਼ੇ “ਬੁਢਾਪੇ ਵਿੱਚ ਸਿਹਤਮੰਦ ਜੀਵਨ ਲਈ ਯੋਗ ਨੂੰ ਧਿਆਨ ’ਚ ਰੱਖਦਿਆਂ ਯੋਗ ਮਾਹਿਰ ਸਿਮਰਨ ਹਰਿ ਸਿਡਾਨਾ ਨੇ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕਰਵਾਇਆ। ਉਨ੍ਹਾਂ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਜੋਤੀ ਗੋਗੀਆ ਨੇ ਯੋਗ ਤੇ ਧਿਆਨ ਦੀ ਮਹੱਤਤਾ ਬਾਰੇ ਕਿਹਾ ਕਿ ਯੋਗ ਮਨੁੱਖ ਨੂੰ ਤਣਾਅ-ਮੁਕਤ ਅਤੇ ਸੰਤੁਲਿਤ ਜੀਵਨ ਜੀਣ ਦੀ ਪ੍ਰੇਰਣਾ ਦਿੰਦਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਯੋਗ ਭਾਰਤੀ ਸੱਭਿਆਚਾਰ ਦੀ ਵਡਮੁੱਲਾ ਵਿਰਸਾ ਅਤੇ ਸੰਸਕ੍ਰਿਤੀ ਦਾ ਅਟੁੱਟ ਅੰਗ ਹੈ, ਜੋ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਆਤਮਿਕ ਸੰਤੁਲਨ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਮਹਿਮਾਨਾਂ ਦਾ ਗ੍ਰੀਨ ਪਲਾਂਟਰ ਭੇਟ ਕਰਕੇ ਸਨਮਾਨ ਕੀਤਾ ਅਤੇ ਸਮਾਗਮ ਦੇ ਸਫਲ ਆਯੋਜਨ ਲਈ ਡਾ. ਜੋਤੀ ਗੋਗੀਆ ਅਤੇ ਕੁਲਜੀਤ ਕੌਰ ਨੂੰ ਵਧਾਈ ਦਿੱਤੀ। ਆਰੀਆ ਪ੍ਰਤੀਨਿਧ ਉਪ ਸਭਾ ਦੇ ਪ੍ਰਧਾਨ ਡਾ. ਜੇ.ਪੀ. ਸ਼ੂਰ ਨੇ ਕਿਹਾ ਕਿ ਯੋਗ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਦਾ ਵਿਗਿਆਨ ਹੈ, ਜਿਸ ਨੂੰ ਹਰ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਯੋਗ ਨੂੰ ਅਪਣਾਉਣ ਦੀ ਸਹੁੰ ਵੀ ਚੁਕਵਾਈ। ਇਸ ਮੌਕੇ ਮਹਾਂ ਵਿਦਿਆਲਿਆ ਦੇ ਖੇਡ ਵਿਭਾਗ ਦੀਆਂ ਵਿਦਿਆਰਥਣਾਂ ਨੇ ਜਿਮਨਾਸਟਿਕ ਰਾਹੀਂ ਵੱਖ-ਵੱਖ ਯੋਗ ਮੁਦਰਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ’ਚ ਐੱਨਐੱਸਐੱਸ, ਐੱਨਸੀਸੀ, ਸਟੂਡੈਂਟਸ ਕੌਂਸਲ, ਖੇਡ ਵਿਭਾਗ ਦੀਆਂ ਵਿਦਿਆਰਥਣਾਂ, ਫੈਕਲਟੀ ਮੈਂਬਰਾਂ, ਗੈਰ-ਅਧਿਆਪਨ ਕਰਮਚਾਰੀਆਂ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।