ਪਿੰਡ ਟੁਰਨਾ ’ਚ 'ਮੇਰਾ ਪਿੰਡ 360' ਸੈਂਟਰ ਦਾ ਉਦਘਾਟਨ ਪਿੰਡ ਟੁਰਨਾ ਵਿਖੇ 'ਮੇਰਾ ਪਿੰਡ 360' ਸੈਂਟਰ ਦਾ ਹੋਇਆ ਉਦਘਾਟਨ
Publish Date: Tue, 28 Jul 2026 07:55 PM (IST)
Updated Date: Tue, 28 Jul 2026 07:58 PM (IST)
ਇਲਾਕੇ ਦੇ ਬੱਚਿਆਂ ਤੇ ਔਰਤਾਂ ਨੂੰ ਮਿਲੇਗੀ ਮੁਫ਼ਤ ਤਕਨੀਕੀ ਤੇ ਰੁਜ਼ਗਾਰ ਮੁਖੀ ਸਿੱਖਿਆ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਇਲਾਕੇ ਦੇ ਪਿੰਡਾਂ ਵਿੱਚ ਸਮਾਜ ਸੇਵਾ ਤੇ ਸਰਬਪੱਖੀ ਵਿਕਾਸ ਨੂੰ ਸਮਰਪਿਤ ‘ਮੇਰਾ ਪਿੰਡ 360 ਫਾਊਂਡੇਸ਼ਨ’ ਦੇ ਫਾਊਂਡਰ ਭੁਪਿੰਦਰ ਸਿੰਘ ਹੁੰਦਲ ਦੇ ਉੱਦਮਾਂ ਨਾਲ ਸ਼ਾਹਕੋਟ ਤਹਿਸੀਲ ਦੇ ਪਿੰਡ ਟੁਰਨਾ ਵਿਖੇ ਮੇਰਾ ਪਿੰਡ 360 ਸੈਂਟਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪਿੰਡ ਟੁਰਨਾ ਦੇ ਜੰਮਪਲ ਹਾਂਡਾ ਪਰਿਵਾਰ ਦੇ ਸੁਰਜੀਤ ਹਾਂਡਾ, ਅਜ਼ਾਦ ਐੱਸ ਹਾਂਡਾ, ਆਸਟ੍ਰੇਲੀਆ ਵੱਲੋਂ ਆਪਣਾ ਜੱਦੀ ਘਰ ਇਸ ਸੰਸਥਾ ਨੂੰ ਸਮਾਜਿਕ ਸੇਵਾਵਾਂ ਲਈ ਮੁਹੱਈਆ ਕਰਵਾਇਆ ਗਿਆ ਹੈ। ਸੈਂਟਰ ਦੇ ਪ੍ਰਬੰਧਕਾਂ ਤੇ ਤਕਨੀਕੀ ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿੱਚ ਬੱਚਿਆਂ ਤੇ ਔਰਤਾਂ ਲਈ 3 ਮਹੀਨਿਆਂ ਦੇ ਮੁਫ਼ਤ ਤਕਨੀਕੀ ਕੋਰਸ ਅਕਾਊਂਟਿੰਗ, ਟੈਲੀ, ਕੁਇੱਕ ਬੁੱਕਸ, ਇਨਵੁਆਇਸ ਮੇਕਿੰਗ ਆਦਿ ਸ਼ੁਰੂ ਕੀਤੇ ਗਏ ਹਨ। ਟ੍ਰੇਨਿੰਗ ਪੂਰੀ ਹੋਣ ਉਪਰੰਤ ਸਿਖਿਆਰਥੀਆਂ ਨੂੰ ਮੁਫ਼ਤ ਸਰਟੀਫਿਕੇਟ ਦਿੱਤੇ ਜਾਣਗੇ ਤੇ ਅਮਰੀਕਾ ਤੇ ਅੰਤਰਰਾਸ਼ਟਰੀ ਕੰਪਨੀਆਂ ਨਾਲ ਜੋੜ ਕੇ ਘਰ ਬੈਠੇ ਹੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਧੀਆਂ-ਭੈਣਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਤੇ ਉਹ ਘਰ ਬੈਠ ਕੇ ਹੀ ਚੰਗੀ ਕਮਾਈ ਕਰ ਸਕਣਗੀਆਂ। ਸੈਂਟਰ ਦੇ ਬੋਰਡ ਅਨੁਸਾਰ ਇੱਥੇ ਬੱਚਿਆਂ ਦੀ ਸਕੂਲੀ ਸਮੱਗਰੀ ਦੇ ਮੁਫ਼ਤ ਪ੍ਰਿੰਟਆਊਟ, ਪਾਸਪੋਰਟ ਸਾਈਜ਼ ਫੋਟੋਆਂ ਤੇ ਕਿਸਾਨਾਂ ਲਈ ਮਿੱਟੀ ਦੀ ਮੁਫ਼ਤ ਜਾਂਚ ਕਰਨ ਤੋਂ ਇਲਾਵਾ ਹਰ ਸ਼ਨਿਚਰਵਾਰ ਈ-ਕਲੀਨਿਕ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 15 ਤੋਂ 30 ਸਾਲ ਦੇ ਬੱਚਿਆਂ ਲਈ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਮੁਫ਼ਤ ਰਜਿਸਟ੍ਰੇਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨੂੰ ਸਮਰਪਿਤ ਮੁਕਾਬਲੇ ਕਰਵਾਏ ਜਾਣਗੇ ਤੇ ਧਾਰਮਿਕ/ਇਤਿਹਾਸਕ ਕਿਤਾਬਾਂ ਰਾਹੀਂ ਬੱਚਿਆਂ ਨੂੰ ਗਿਆਨਵਾਨ ਬਣਾਇਆ ਜਾਵੇਗਾ। ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਮਾਲੀ ਸਹਾਇਤਾ ਦੇਣ ਵਾਲੇ ਪਿੰਡ ਘੱਦੂਵਾਲ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ਚੰਦੀ ਪਰਿਵਾਰ, ਅਵਤਾਰ ਸਿੰਘ ਚੰਦੀ (ਲੋਹੀਆਂ), ਗੁਰਮੀਤ ਸਿੰਘ (ਸਾਬਕਾ ਕੋ-ਆਪ੍ਰੇਟਿਵ ਸੈਕਰਟਰੀ, ਨਵਾਂ ਪਿੰਡ ਦੋਨੇਵਾਲ, ਸਰਪ੍ਰੀਤ ਕੌਰ, ਸ਼ਰਨਜੀਤ ਕੌਰ, ਨੰਬਰਦਾਰ ਪਰਮਜੀਤ ਸਿੰਘ, ਸਰਪੰਚ ਦਰਸ਼ਨ ਸਿੰਘ ਟੁਰਨਾ, ਰਣਜੀਤ ਸਿੰਘ ਅਲੀਵਾਲ, ਭੁਪਿੰਦਰ ਸਿੰਘ ਭਿੰਦਾ ਸਮੇਤ ਇਲਾਕੇ ਦੀਆਂ ਸਮੂਹ ਪੰਚਾਇਤਾਂ, ਸਰਪੰਚਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਉਦਘਾਟਨੀ ਸਮਾਰੋਹ ਦੌਰਾਨ ਗੁਰੂ ਨਾਨਕ ਮੋਦੀਖਾਨਾ ਟਰੱਸਟ ਦੇ ਸਤਿੰਦਰਪਾਲ ਸਿੰਘ ਖਾਲਸਾ, ਦਵਿੰਦਰ ਸਿੰਘ ਬਿੱਲਾ, ਬਿੱਕਰ ਸਿੰਘ ਟੁਰਨਾ, ਵਿਵੇਕ ਸ਼ਰਮਾ, ਸਰਪੰਚ ਸੰਤੋਖ ਸਿੰਘ ਆਦਿ ਹਾਜ਼ਰ ਸਨ।